Bathinda: ਐਕਸਪੋਜ਼ਰ ਦੌਰੇ 'ਤੇ ਪੰਜਾਬ ਆਏ ਮਣੀਪੁਰ ਦੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ

ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਪਹਿਲਕਦਮੀ 'ਏਕ ਭਾਰਤ ਸ੍ਰੇਸ਼ਠ ਭਾਰਤ' ਤਹਿਤ 'ਯੁਵਾ ਸੰਗਮ - ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮ ਅਤੇ ਐਕਸਪੋਜ਼ਰ ਵਿਜ਼ਿਟ' ਦੇ ਹਿੱਸੇ ਵਜੋਂ ਮੰਗਲਵਾਰ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਮਣੀਪੁਰ ਤੋਂ ਪੰਜਾਬ ਦੇ ਐਕਸਪੋਜ਼ਰ ਦੌਰੇ ਲਈ ਆਏ 30 ਵਿਦਿਆਰਥੀਆਂ ਅਤੇ ਤਿੰਨ ਫੈਕਲਟੀ ਮੈਂਬਰਾਂ ਦੇ ਗਰੁੱਪ ਦਾ ਨਿੱਘਾ ਸਵਾਗਤ ਕੀਤਾ ਗਿਆ।

By  Jasmeet Singh March 7th 2023 04:58 PM

ਬਠਿੰਡਾ: ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਪਹਿਲਕਦਮੀ 'ਏਕ ਭਾਰਤ ਸ੍ਰੇਸ਼ਠ ਭਾਰਤ' ਤਹਿਤ 'ਯੁਵਾ ਸੰਗਮ - ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮ ਅਤੇ ਐਕਸਪੋਜ਼ਰ ਵਿਜ਼ਿਟ' ਦੇ ਹਿੱਸੇ ਵਜੋਂ ਮੰਗਲਵਾਰ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਮਣੀਪੁਰ ਤੋਂ ਪੰਜਾਬ ਦੇ ਐਕਸਪੋਜ਼ਰ ਦੌਰੇ ਲਈ ਆਏ 30 ਵਿਦਿਆਰਥੀਆਂ ਅਤੇ ਤਿੰਨ ਫੈਕਲਟੀ ਮੈਂਬਰਾਂ ਦੇ ਗਰੁੱਪ ਦਾ ਨਿੱਘਾ ਸਵਾਗਤ ਕੀਤਾ ਗਿਆ।

ਯੁਵਾ ਸੰਗਮ - ਐਕਸਪੋਜ਼ਰ ਟੂਰ ਅਧੀਨ ਮਣੀਪੁਰ ਦੇ ਨੌਜਵਾਨਾਂ ਦਾ ਇਹ ਗਰੁੱਪ 6 ਤੋਂ 12 ਮਾਰਚ 2023 ਤੱਕ ਪੰਜਾਬ ਦਾ ਦੌਰਾ ਕਰੇਗਾ। ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਪਹੁੰਚਣ 'ਤੇ ਮੰਗਲਵਾਰ ਸਵੇਰੇ ਇਕ ਸੁਆਗਤੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਅਤੇ ਯੂਨੀਵਰਸਿਟੀ ਦੇ ਸਮੁੱਚੇ ਸਟਾਫ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮਣੀਪੁਰ ਦੇ ਇਨ੍ਹਾਂ ਨੌਜਵਾਨਾਂ ਦੇ ਗਰੁੱਪ ਨੂੰ ਹੱਲਾਸ਼ੇਰੀ ਦੇਣ ਲਈ ਬਠਿੰਡਾ ਹਲਕੇ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਮਣੀਪੁਰ ਦੇ ਨੌਜਵਾਨਾਂ ਦਾ ਪੰਜਾਬ ਦੀ ਪਵਿੱਤਰ ਧਰਤੀ 'ਤੇ ਸਵਾਗਤ ਕਰਦਿਆਂ ਮੁੱਖ ਮਹਿਮਾਨ ਹਰਸਿਮਰਤ ਕੌਰ ਬਾਦਲ ਨੇ ਸਿੱਖ ਸੱਭਿਆਚਾਰ ਦੇ ਇਤਿਹਾਸ ਅਤੇ ਦੱਸਾਂ ਗੁਰੂਆਂ ਦੀ ਪਰੰਪਰਾ ਬਾਰੇ ਜਾਣੂ ਕਰਵਾਇਆ। ਜਿਨ੍ਹਾਂ ਨੇ ਮਨੁੱਖਤਾ ਨੂੰ ਉੱਚੇ ਪੱਧਰ 'ਤੇ ਲੈ ਜਾਣ ਦਾ ਮਾਰਗ ਦਰਸ਼ਨ ਪ੍ਰਦਾਨ ਕੀਤਾ ਹੈ। ਉਹਨਾਂ ਜ਼ਿਕਰ ਕੀਤਾ ਕਿ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਹਿੰਦੀ ਦੀ ਚਾਦਰ ਵਜੋਂ ਜਾਣਿਆ ਜਾਂਦਾ ਹੈ, ਨੇ ਦੂਜੇ ਧਰਮਾਂ ਦੇ ਲੋਕਾਂ ਨੂੰ ਮੁਗਲ ਜ਼ੁਲਮ ਤੋਂ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਸੀ। 

ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਨਿਰਦੋਸ਼ਾਂ ਨੂੰ ਧਾਰਮਿਕ ਅੱਤਿਆਚਾਰ ਤੋਂ ਬਚਾਉਣ ਲਈ 1699 ਵਿੱਚ ਖਾਲਸਾ ਪਰੰਪਰਾ ਦੀ ਸਿਰਜਣਾ ਅਤੇ ਸ਼ੁਰੂਆਤ ਕੀਤੀ। ਮੁੱਖ ਮਹਿਮਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਯੁਵਾ ਸੰਗਮ ਐਕਸਪੋਜ਼ਰ ਟੂਰ ਪ੍ਰੋਗਰਾਮ ਮਣੀਪੁਰ ਦੇ ਨੌਜਵਾਨਾਂ ਨੂੰ ਪੰਜਾਬੀਆਂ ਦੇ ਸੱਭਿਆਚਾਰ, ਇਤਿਹਾਸ ਅਤੇ ਪ੍ਰਾਪਤੀਆਂ ਨੂੰ ਜਾਨਣ ਦਾ ਮੌਕਾ ਦਿੰਦਾ ਹੈ। ਉਹਨਾਂ ਨੇ ਮਣੀਪੁਰ ਦੇ ਵਿਦਿਆਰਥੀਆਂ ਨੂੰ ਆਪਣੇ ਦੌਰੇ ਦੌਰਾਨ ਪੰਜਾਬ ਦੇ ਸੱਭਿਆਚਾਰਕ ਅਤੇ ਸਮਾਜਿਕ ਰੁਝੇਵਿਆਂ ਦੇ ਵਧੀਆ ਅਭਿਆਸਾਂ ਅਤੇ ਅਨੁਭਵਾਂ ਨੂੰ ਜਾਨਣ ਅਤੇ ਇਸ ਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ।

ਯੂਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਕਿਹਾ ਕਿ ਯੁਵਾ ਸੰਗਮ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਉੱਤਰ ਪੂਰਬੀ ਰਾਜਾਂ ਅਤੇ ਹੋਰ ਰਾਜਾਂ ਦੇ ਨੌਜਵਾਨਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਪਹਿਲ ਹੈ। ਇਹ ਦੌਰਾ ਮਣੀਪੁਰ ਦੇ ਨੌਜਵਾਨਾਂ ਨੂੰ ਪੰਜਾਬ ਰਾਜ ਦੇ ਅਮੀਰ ਵਿਰਸੇ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੇ ਮਨਾਂ ਵਿੱਚ ਇੱਕ ਸਦੀਵੀ ਪ੍ਰਭਾਵ ਪੈਦਾ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਣੀਪੁਰ ਦੀ ਵਿਭਿੰਨ ਸੰਸਕ੍ਰਿਤੀ ਹੈ ਜੋ ਮਣੀਪੁਰ ਦੇ ਵਿਦਿਆਰਥੀਆਂ ਦੇ ਰਵਾਇਤੀ ਪਹਿਰਾਵੇ ਤੋਂ ਝਲਕਦੀ ਹੈ। ਇਹ ਦੌਰਾ ਪੰਜਾਬ ਅਤੇ ਮਣੀਪੁਰ ਦੇ ਨੌਜਵਾਨਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਅਤੇ ਉਹਨਾਂ ਨੂੰ ਇੱਕ ਦੂਜੇ ਦੇ ਸੱਭਿਆਚਾਰ ਨੂੰ ਜਾਨਣ ਦਾ ਮੌਕਾ ਪ੍ਰਦਾਨ ਕਰੇਗਾ। 

Related Post