ਨਿਰਭਯਾ ਗੈਂਗਰੇਪ ਮਾਮਲਾ : ਦੋਸ਼ੀ ਅਕਸ਼ੈ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ ,ਦੁਪਹਿਰ 1 ਵਜੇ ਆਵੇਗਾ ਫ਼ੈਸਲਾ

By  Shanker Badra December 18th 2019 12:45 PM

ਨਿਰਭਯਾ ਗੈਂਗਰੇਪ ਮਾਮਲਾ : ਦੋਸ਼ੀ ਅਕਸ਼ੈ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ ,ਦੁਪਹਿਰ 1 ਵਜੇ ਆਵੇਗਾ ਫ਼ੈਸਲਾ:ਨਵੀਂ ਦਿੱਲੀ : 7 ਸਾਲ ਪੁਰਾਣੇ ਨਿਰਭਯਾ ਮਾਮਲੇ ਦੇ ਦੋਸ਼ੀ ਅਕਸ਼ੈ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਪੂਰੀ ਹੋ ਗਈ ਹੈ। ਅਦਾਲਤ ਨੇ ਸਾਰੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਸੁਪਰੀਮ ਕੋਰਟ ਵਲੋਂ ਇਸ ਪਟੀਸ਼ਨ 'ਤੇ ਦੁਪਹਿਰ 1 ਵਜੇ ਫ਼ੈਸਲਾ ਸੁਣਾਇਆ ਜਾਵੇਗਾ। ਜਾਣਕਾਰੀ ਅਨੁਸਾਰ ਜਸਟਿਸ ਭਾਨੂਮਤੀ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ। ਬੈਂਚ ਦੇ ਹੋਰ ਮੈਂਬਰ ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਬੋਪੰਨਾ ਹਨ।

ਓਥੇ ਸੁਣਵਾਈ ਦੌਰਾਨ ਦੋਸ਼ੀ ਅਕਸ਼ੈ ਦੇ ਵਕੀਲ ਨੇ ਅਕਸ਼ੈ ਦੀ ਫ਼ਾਂਸੀ 'ਤੇ ਸਵਾਲ ਖੜੇ ਕੀਤੇ ਹਨ। ਇਸ ਦੌਰਾਨ ਦੋਸ਼ੀ ਅਕਸ਼ੈ ਦੇ ਵਕੀਲ ਨੇ ਕਿਹਾ ਸੀ ਕਿ ਇਹ ਮਾਮਲਾ ਸਿਆਸਤ ਤੇ ਮੀਡੀਆ ਦੇ ਦਬਾਅ ਤੋਂ ਪ੍ਰਭਾਵਿਤ ਰਿਹਾ ਹੈ ਤੇ ਦੋਸ਼ੀ ਨਾਲ ਬਹੁਤ ਜ਼ਿਆਦਾ ਬੇਇਨਸਾਫ਼ੀ ਹੋ ਚੁੱਕੀ ਹੈ। ਇਸ ਦੋਸ਼ੀ ਨੇ ਇਸ ਮਾਮਲੇ ਵਿੱਚ ਆਪਣੀ ਮੌਤ ਦੀ ਸਜ਼ਾ ਨੂੰ ਕਾਇਮ ਰੱਖਣ ਦੇ ਸੁਪਰੀਮ ਕੋਰਟ ਦੇ 2017 ਦੇ ਫ਼ੈਸਲੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਵਕੀਲ ਨੇ ਇਹ ਦਲੀਲ ਦਿੰਦਿਆਂ ਰਹਿਮ ਦੀ ਮੰਗ ਕੀਤੀ ਹੈ ਕਿ ਦਿੱਲੀ ’ਚ ਵਧਦੇ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਕਾਰਨ ਉਂਝ ਵੀ ਉਮਰ ਛੋਟੀ ਹੁੰਦੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਮਗਰੋਂ ਬਾਅਦ ’ਚ 29 ਦਸੰਬਰ, 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਅਕਸ਼ੈ ਸਿੰਘ ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ 'ਚ ਫਾਂਸੀ ਦੀ ਸਜ਼ਾ ਪਾਉਣ ਵਾਲੇ 4 ਦੋਸ਼ੀਆਂ 'ਚੋਂ ਇੱਕ ਹੈ।

ਸੁਪਰੀਮ ਕੋਰਟ ਨੇ ਪਿਛਲੇ ਸਾਲ 9 ਜੁਲਾਈ ਨੂੰ ਤਿੰਨ ਹੋਰ ਦੋਸ਼ੀਆਂ ਮੁਕੇਸ਼ (30), ਪਵਨ ਗੁਪਤਾ (23) ਅਤੇ ਵਿਨੇ ਸ਼ਰਮਾ (24) ਦੀਆਂ ਨਜ਼ਰਸਾਨੀ ਪਟੀਸ਼ਨਾਂ ਇਹ ਆਖਦਿਆਂ ਰੱਦ ਕਰ ਦਿੱਤੀਆਂ ਸਨ ਕਿ 2017 ਦੇ ਫ਼ੈਸਲੇ ਦੀ ਸਮੀਖਿਆ ਲਈ ਕੋਈ ਆਧਾਰ ਨਹੀਂ ਬਣਾਇਆ ਗਿਆ ਹੈ।ਇਸ ਮਾਮਲੇ ਦੇ ਇੱਕ ਹੋਰ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਹਾਲੇ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

-PTCNews

Related Post