ਇੱਕ ਹੀ ਦਿਨ 'ਚ 5 ਕਿਸਾਨਾਂ ਨੇ ਕਰਜ਼ੇ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ

By  Shanker Badra May 16th 2018 03:58 PM

ਇੱਕ ਹੀ ਦਿਨ 'ਚ 5 ਕਿਸਾਨਾਂ ਨੇ ਕਰਜ਼ੇ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ:ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।ਬੀਤੇ ਦਿਨ ਪੰਜਾਬ ਵਿੱਚ ਵੱਖ ਵੱਖ ਥਾਈਂ 5 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ।ਦੱਸਿਆ ਜਾ ਰਿਹਾ ਹੈ ਕਿ ਇੰਨਾਂ ਕਿਸਾਨਾਂ ਤੇ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦਾ ਲੱਖਾਂ ਰੁਪਏ ਦਾ ਕਰਜ਼ ਹੋ ਗਿਆ ਸੀ।

ਕਰਜ਼ੇ ਦੀ ਪ੍ਰੇਸ਼ਾਨੀ ਦੇ ਕਾਰਨ ਕਿਸਾਨ ਅਮਿਤਪਾਲ ਸਿੰਘ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਹੈ।ਮ੍ਰਿਤਕ ਕਿਸਾਨ ਵਾਸੀ ਦਿਆਲਪੁਰਾ ਨੇ ਮਿਰਜ਼ਾ ਦੇ ਸਹਿਕਾਰੀ ਬੈਂਕ ਕੋਲੋਂ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ,ਜਿਸ 'ਚੋਂ 1 ਲੱਖ ਹੀ ਵਾਪਸ ਕੀਤਾ ਸੀ ਜਦਕਿ 4 ਲੱਖ ਰੁਪਏ ਕਰਜ਼ਾ ਕਿਸਾਨ 'ਤੇ ਰਹਿੰਦਾ ਸੀ।ਕਰਜ਼ੇ ਨੂੰ ਲੈ ਕੇ ਉਹ ਲਗਾਤਾਰ ਪ੍ਰੇਸ਼ਾਨੀ 'ਚ ਚੱਲ ਰਿਹਾ ਸੀ ਤੇ ਉਸਨੇ ਖੇਤ 'ਚ ਜਾ ਕੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ।

ਪਿੰਡ ਮਾਈਸਰਖਾਨਾ ਦੇ ਇੱਕ ਕਿਸਾਨ ਨੇ ਵੱਧ ਰਹੇ ਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਪਿੰਡ ਮਾਈਸਰਖਾਨਾ ਦੇ ਕਿਸਾਨ ਬੁੱਧ ਸਿੰਘ ਪੁੱਤਰ ਜਰਨੈਲ ਸਿੰਘ 59 ਸਾਲਾਂ ਕੋਲ 5 ਏਕੜ 4 ਕਨਾਲ ਜ਼ਮੀਨ ਸੀ।ਘਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਕਿਸਾਨ ਦੀ 3 ਏਕੜ 2 ਕਨਾਲ ਜ਼ਮੀਨ ਪਹਿਲਾਂ ਹੀ ਵਿਕ ਚੁੱਕੀ ਸੀ ਅਤੇ ਹੁਣ ਉਸ ਕੋਲ ਸਿਰਫ 2 ਏਕੜ 2 ਕਨਾਲ ਜ਼ਮੀਨ ਹੀ ਬਾਕੀ ਰਹਿ ਗਈ ਸੀ ਪਰ ਜ਼ਮੀਨ 'ਤੇ ਬਣੀ ਹੋਈ ਲਿਮਟ ਅਤੇ ਹੋਰ ਪ੍ਰਾਈਵੇਟ ਕਰਜ਼ੇ ਦਾ ਬੋਝ ਅਜੇ ਵੀ ਦਿਨੋਂ-ਦਿਨ ਭਾਰੀ ਹੋ ਰਿਹਾ ਸੀ ਅਤੇ ਇਸ ਸਮੱਸਿਆ ਦਾ ਕੋਈ ਹੱਲ ਨਾ ਨਿਕਲਦਾ ਦੇਖ ਆਖਰਕਾਰ ਕਿਸਾਨ ਨੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਬਠਿੰਡਾ ਦੇ ਰਾਮਪੁਰਾ ਫੂਲ ਦੇ ਪਿੰਡ ਢਿੰਗਰ ਦੇ ਕਿਸਾਨ ਜਗਰਾਜ ਸਿੰਘ (50) ਸਾਲ ਨੇ ਆਪਣੇ ਹੀ ਖੇਤ 'ਚ ਜਾ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਖੁਸ਼ੀ ਕਰ ਲਈ ਸੀ।ਮ੍ਰਿਤਕ ਦੇ ਉੱਪਰ ਤਿੰਨ ਲੱਖ ਦਾ ਕਰਜ਼ ਸੀ।ਮ੍ਰਿਤਕ ਕਿਸਾਨ ਕੋਲ ਸਿਰਫ ਇਕ ਏਕੜ ਜ਼ਮੀਨ ਸੀ,ਜਿਸ 'ਤੇ ਉਸਨੇ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਤੋਂ 3 ਲੱਖ ਰੁਪਏ ਦਾ ਕਰਜ਼ਾ ਲਿਆ ਸੀ।

ਪਿੰਡ ਸਿਧਾਣਾ ਦੇ ਕਿਸਾਨ ਪਰਮਜੀਤ ਸਿੰਘ (35) ਪੁੱਤਰ ਗੁਰਦੇਵ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ਅੰਦਰ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਮ੍ਰਿਤਕ ਕਿਸਾਨ ਘਰ 'ਚ ਇਕੱਲਾ ਹੀ ਸੀ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਕੋਲ ਸਿਰਫ ਇੱਕ ਕਨਾਲ ਜ਼ਮੀਨ ਸੀ ਅਤੇ ਜਿਸ ਦੇ ਸਿਰ 'ਤੇ ਕਰੀਬ 4 ਲੱਖ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਸੀ।ਮ੍ਰਿਤਕ ਆਪਣੇ ਪਰਿਵਾਰ ਦਾ ਗੁਜ਼ਾਰਾ ਛੋਟਾ ਹਾਥੀ ਚਲਾ ਕੇ ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ ਪਰ ਪਿਛਲੇ ਦਿਨੀਂ ਉਸਦੇ ਵਾਹਨ ਦੇ ਪਲਟ ਜਾਣ ਕਾਰਨ ਉਸਦਾ ਭਾਰੀ ਨੁਕਸਾਨ ਹੋ ਗਿਆ ਸੀ,ਜਿਸ ਕਾਰਨ ਉਸਨੇ ਇਹ ਕਦਮ ਚੁੱਕ ਲਿਆ।

ਸੰਗਰੂਰ ਦੇ ਪਿੰਡ ਗੁਰਨੇ ਦੇ ਇੱਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰੇਲਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ।ਪਿੰਡ ਗੁਰਨੇ ਕਲਾਂ ਦੇ ਕਿਸਾਨ ਰਾਮਫਲ (55) ਦੇ ਸਿਰ ਤੇ ਸਰਕਾਰੀ ਅਤੇ ਗ਼ੈਰ ਸਰਕਾਰੀ ਬੈਂਕਾਂ ਤੇ ਲੱਖਾਂ ਰੁਪਏ ਦਾ ਕਰਜ਼ ਸੀ। ਜਦਕਿ ਜ਼ਮੀਨ ਕੇਵਲ ਡੇਢ ਏਕੜ ਹੀ ਸੀ।ਦੋ ਪੁੱਤ ਬੇਰੋਜ਼ਗਾਰ ਹੋਣੇ ਅਤੇ ਪਰਿਵਾਰ ਤੇ ਲੱਖਾਂ ਦਾ ਕਰਜ਼ ਹੋਣ ਕਾਰਨ ਰਾਮਫ਼ਲ ਨੇ ਪਰੇਸ਼ਾਨ ਹੋ ਕੇ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ।

ਵਿਰੋਧੀ ਪਾਰਟੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਤੋਂ ਉਹ ਭੱਜ ਰਹੇ ਹਨ ਜਿਸ ਕਾਰਨ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ।ਫਿਲਹਾਲ ਪੁਲਿਸ ਸਾਰੇ ਮਾਮਲਿਆਂ ਦੀ ਜਾਂਚ 'ਚ ਲੱਗੀ ਹੋਈ ਹੈ।

-PTCNews

Related Post