ਜਲੰਧਰ ਦੇ ਯੂਕੋ ਬੈਂਕ ਵਿੱਚ 13 ਲੱਖ ਦੀ ਲੁੱਟ ਕਰਨ ਵਾਲੇ 3 ਲੁਟੇਰਿਆਂ 'ਚੋਂ ਇੱਕ ਗ੍ਰਿਫ਼ਤਾਰ - ਸੂਤਰ

By  Jasmeet Singh August 11th 2022 11:40 AM -- Updated: August 11th 2022 11:44 AM

ਜਲੰਧਰ, 11 ਅਗਸਤ: ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਬੈਂਕ ਲੁੱਟਣ ਵਾਲੇ ਤਿੰਨ ਲੁਟੇਰਿਆਂ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੋ ਦੀ ਭਾਲ ਜਾਰੀ ਹੈ। ਹਾਲਾਂਕਿ ਪੁਲਿਸ ਵੱਲੋਂ ਹਾਲੇ ਇਸ ਦੀ ਖੁੱਲ੍ਹ ਕੇ ਜਾਂ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਅਤੇ ਸੰਭਾਵਨਾ ਹੈ ਕਿ ਪੁਲਿਸ ਜਲਦ ਹੀ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਅਹਿਮ ਖੁਲਾਸੇ ਕਰ ਸਕਦੀ ਹੈ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਤਿੰਨ ਨਕਾਬਪੋਸ਼ ਵਿਅਕਤੀ ਦਿਨ ਦਿਹਾੜੇ ਜਲੰਧਰ ਵਿੱਚ ਯੂਕੋ ਬੈਂਕ ਦੀ ਇੰਡਸਟਰੀਅਲ ਏਰੀਆ ਬ੍ਰਾਂਚ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ 'ਤੇ ਸੋਨੇ ਸਮੇਤ ਲਗਭਗ 13 ਲੱਖ ਰੁਪਏ ਲੁੱਟ ਲਏ।

ਬੀਤੇ ਹਫਤੇ ਜਲੰਧਰ ਦੇ ਇੰਡਸਟਰੀਅਲ ਏਰੀਆ 'ਚ ਸੋਢਲ ਰੋਡ ’ਤੇ ਸਥਿਤ ਬੈਂਕ ਦੀ ਸ਼ਾਖਾ ’ਚ ਕੋਈ ਸੁਰੱਖਿਆ ਗਾਰਡ ਮੌਜੂਦ ਨਾ ਹੋਣ ਕਾਰਣ ਲੁਟੇਰਿਆਂ ਨੇ ਮੁਲਾਜ਼ਮਾਂ ਤੇ ਗਾਹਕਾਂ ਨੂੰ ਬੰਧਕ ਬਣਾ ਕੇ ਪੈਸੇ ਲੁੱਟ ਲਏ। ਉੱਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੰਦੂਕਾਂ ਨਾਲ ਤਿੰਨ ਨਕਾਬਪੋਸ਼ ਵਿਅਕਤੀ ਬੈਂਕ ਵਿੱਚ ਦਾਖਲ ਹੋਏ ਅਤੇ ਨਕਦੀ ਅਤੇ ਗਹਿਣੇ ਲੁੱਟ ਫਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਚੋਰੀ ਹੋਈ ਰਕਮ 13 ਲੱਖ ਰੁਪਏ ਤੋਂ ਵੱਧ ਹੈ ਪਰ ਬੈਂਕ ਦੁਆਰਾ ਸਹੀ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਅਸੀਂ ਬੈਂਕ ਕਰਮਚਾਰੀਆਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਵਿਸ਼ਲੇਸ਼ਣ ਕਰ ਰਹੇ ਹਾਂ।

ਪੁਲਿਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਨੇ ਕਿਹਾ ਕਿ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਬੈਂਕ ਅਧਿਕਾਰੀਆਂ ਨੇ ਪਹਿਲਾਂ ਹੀ ਸੁਰੱਖਿਆ ਗਾਰਡ ਦੀ ਵਿਵਸਥਾ ਬਾਰੇ ਆਪਣੇ ਮੁੱਖ ਦਫਤਰ ਨੂੰ ਲਿਖਿਆ ਸੀ ਪਰ ਉਨ੍ਹਾਂ ਦੀ ਬੇਨਤੀ ਨੂੰ ਅਜੇ ਤੱਕ ਮਨਜ਼ੂਰ ਨਹੀਂ ਮਿਲੀ ਸੀ। ਚੋਰੀ ਦੀ ਰਕਮ ਲਗਭਗ 13 ਲੱਖ ਰੁਪਏ ਹੈ ਪਰ ਅਜੇ ਤੱਕ ਸਹੀ ਅੰਕੜੇ ਦਾ ਪਤਾ ਨਹੀਂ ਲੱਗ ਸਕਿਆ ਹੈ।

ਮਾਮਲੇ ਦੀ ਐਫਆਈਆਰ ਭਾਰਤੀ ਦੰਡਾਵਲੀ ਦੀ ਧਾਰਾ 392 (ਡਕੈਤੀ) ਤਹਿਤ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ ਸੂਤਰਾਂ ਮੁਤਾਬਕ ਇੱਕ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

- ਰਿਪੋਰਟਰ ਪਤਰਸ ਪੀਟਰ ਦੇ ਸਹਿਯੋਗ ਨਾਲ

-PTC News

Related Post