ਉਨਟਾਰੀਓ 'ਚ ਸਿੱਖਾਂ ਲਈ ਵੱਡੀ ਖ਼ੁਸ਼ਖ਼ਬਰੀ ,ਸਰਕਾਰ ਨੇ ਲਿਆ ਇਹ ਫ਼ੈਸਲਾ

By  Shanker Badra October 11th 2018 08:32 PM

ਉਨਟਾਰੀਓ 'ਚ ਸਿੱਖਾਂ ਲਈ ਵੱਡੀ ਖ਼ੁਸ਼ਖ਼ਬਰੀ ,ਸਰਕਾਰ ਨੇ ਲਿਆ ਇਹ ਫ਼ੈਸਲਾ:ਕੈਨੇਡੀਅਨ ਦੇ ਉਨਟਾਰੀਓ 'ਚ ਸਰਕਾਰ ਨੇ ਦਸਤਾਰਧਾਰੀ ਸਿੱਖ ਚਾਲਕਾਂ ਨੂੰ ਦੋ-ਪਹੀਆ ਵਾਹਨਾਂ ‘ਤੇ ਹੈਲਮੈਟ ਤੋਂ ਛੋਟ ਦੇ ਦਿੱਤੀ ਹੈ।ਸਿੱਖ ਮੋਟਰਸਾਇਕਲ ਚਾਲਕਾਂ ਨੂੰ ਹੈਲਮੈਟ ਤੋਂ ਛੋਟ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਵਿਵਾਦ ਦਾ ਵਿਸ਼ਾ ਬਣੀ ਹੋਈ ਸੀ।ਜਿਸ ਤੋਂ ਬਾਅਦ ਉਨਟਾਰੀਓ ਸਰਕਾਰ ਨੇ ਸਿੱਖ ਚਾਲਕਾਂ ਨੂੰ ਰਾਹਤ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਹੁਣ ਆਉਂਦੀ 18 ਅਕਤੂਬਰ ਤੋਂ ਹੈਲਮੈਟ ਤੋਂ ਛੋਟ ਮਿਲ ਜਾਵੇਗੀ।ਇਸ ਸਬੰਧੀ ਪ੍ਰੋਗਰੈਸਿਵ ਕਨਜ਼ਰਵੇਟਿਵ ਸਰਕਾਰ ਨੇ ਬੁੱਧਵਾਰ ਨੂੰ ਬਾਕਾਇਦਾ ਪੁਸ਼ਟੀ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਅਗਲੇ ਵੀਰਵਾਰ (18 ਅਕਤੂਬਰ) ਨੂੰ ਇਸ ਸਬੰਧੀ ਕਾਨੂੰਨ ਲਾਗੂ ਹੋ ਜਾਵੇਗਾ।ਇਸ ਮੰਗ ਨੂੰ ਲੈ ਕੇ ਸੂਬੇ ਦੇ ਸਿੱਖ ਕੈਨੇਡੀਅਨ ਸਿੱਖ ਐਸੋਸੀਏਸ਼ਨ ਤੇ ਕੁਝ ਹੋਰਨਾਂ ਜੱਥੇਬੰਦੀਆਂ ਦੀ ਅਗਵਾਈ ਹੇਠ ਪਿਛਲੇ ਲੰਮੇ ਸਮੇਂ ਤੋਂ ਹੈਲਮੇਟ ਤੋਂ ਛੋਟ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ ਜ਼ਿਕਰਯੋਗ ਹੈ ਕਿ ਉਨਟਾਰੀਓ ਦੇ ਪ੍ਰੀਮੀਅਰ ਡੂਗ ਫ਼ੌਰਡ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਸੂਬੇ `ਚ ਉਨ੍ਹਾਂ ਦੀ ਸਰਕਾਰ ਕਾਇਮ ਹੋਣ 'ਤੇ ਉਹ ਦਸਤਾਰਧਾਰੀ ਸਿੱਖ ਦੋ-ਪਹੀਆ ਚਾਲਕਾਂ ਤੇ ਸਵਾਰੀਆਂ ਨੂੰ ਹੈਲਮੈਟ ਤੋਂ ਛੋਟ ਦੇ ਦੇਣਗੇ। ਦੱਸਿਆ ਜਾਂਦਾ ਹੈ ਕਿ ਸਿੱਖਾਂ ਨੂੰ ਹੈਲਮੈਟ ਕਾਨੂੰਨ ਤੋਂ ਛੋਟ ਦੇਣ ਵਾਲਾ ਉਨਟਾਰੀਓ ਕੈਨੇਡਾ ਦਾ ਚੌਥਾ ਸੂਬਾ ਬਣ ਗਿਆ ਹੈ ਜਦਕਿ ਅਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ‘ਚ ਪਹਿਲਾਂ ਹੀ ਅਜਿਹੀ ਛੋਟ ਮਿਲੀ ਹੋਈ ਹੈ।ਇਸ ਤੋਂ ਇਲਾਵਾ ਇੰਗਲੈਂਡ ਵਿੱਚ ਵੀ ਸਿੱਖਾਂ ਨੂੰ ਇਹ ਕਾਨੂੰਨੀ ਛੋਟ 1976 ਤੋਂ ਹਾਸਲ ਹੈ। ਵਰਨਣਯੋਗ ਹੈ ਕਿ ਸੁਰੱਖਿਆ ਖ਼ਤਰਿਆਂ ਦੇ ਡਰ ਤੋਂ ਪਿਛਲੀ ਲਿਬਰਲ ਸਰਕਾਰ ਨੇ ਸਿੱਖਾਂ ਨੂੰ ਅਜਿਹੀ ਛੋਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। -PTCNews

Related Post