ਪੰਚਕੂਲਾ ਵਿਖੇ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ, ਚੰਡੀਗੜ੍ਹ ਵਾਲੀ ਪੀੜਤ ਕੁੜੀ ਦੀ ਕੀਤੀ ਸੀ ਮਸਾਜ

By  Shanker Badra March 21st 2020 10:41 AM

ਪੰਚਕੂਲਾ ਵਿਖੇ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ,ਚੰਡੀਗੜ੍ਹ ਵਾਲੀ ਪੀੜਤ ਕੁੜੀ ਦੀ ਕੀਤੀ ਸੀ ਮਸਾਜ:ਇਟਲੀ : ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਇਸ ਦੌਰਾਨ ਮੋਹਾਲੀ ਅਤੇ ਚੰਡੀਗੜ੍ਹ 'ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ।

ਪੰਚਕੂਲਾ ਦੇ ਸੈਕਟਰ -1 ਸਥਿਤ ਖੜਗ ਮੰਗੋਲੀ ਦੀ ਇੱਕ 40 ਸਾਲਾ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ। ਇਹ ਮਹਿਲਾ ਚੰਡੀਗੜ੍ਹ ਵਿਚ ਇੰਗਲੈਂਡ ਤੋਂ ਵਾਪਸ ਆਈ ਪੀੜਤ ਔਰਤ ਦੇ ਸੰਪਰਕ ਵਿਚ ਆਈ ਸੀ। ਇਸ ਔਰਤ ਨੇ ਚੰਡੀਗੜ੍ਹ ਦੇ ਸੈਕਟਰ -21 ਦੀ ਰਹਿਣ ਵਾਲੀ 23 ਸਾਲਾ ਕੋਰੋਨਾ ਪੀੜਤ ਕੁੜੀ ਦੀ ਮਸਾਜ ਕੀਤੀ ਸੀ।

ਇਸ ਔਰਤ ਨੂੰ ਹੁਣ ਪੰਚਕੂਲਾ ਦੇ ਸੈਕਟਰ -6 ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮਹਿਲਾ ਦੇ 17 ਸਾਲਾ ਬੇਟੇ ਸਮੇਤ ਤਿਨ ਸ਼ੱਕੀ ਵਿਅਕਤੀਆਂਦੀ ਰਿਪੋਰਟ ਨੈਗਟਿਵ ਆਈ ਹੈ। ਮਹਿਲਾ ਸਮੇਤ ਚਾਰ ਸ਼ੱਕੀ ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ ਸੀ।

ਦੱਸ ਦੇਈਏ ਕਿ ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 276,125 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 11,404 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ 258 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 4  ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ 6 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਕੋਰੋਨਾ ਵਾਇਰਸ ਦੇ ਕੁੱਲ 47,021 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 4032 ਹੋ ਗਈ ਹੈ।

-PTCNews

Related Post