16 ਕਰੋੜ ਦਾ ਬਕਾਇਆ ਨਹੀਂ ਕੀਤਾ ਅਦਾ ਤਾਂ PGI ਨੇ ਬੰਦ ਕੀਤਾ ਪੰਜਾਬ ਵਾਸੀਆਂ ਦਾ Cashless ਇਲਾਜ

By  Jasmeet Singh August 3rd 2022 11:39 AM -- Updated: August 3rd 2022 03:40 PM

ਚੰਡੀਗੜ੍ਹ, 3 ਅਗਸਤ: ਪੰਜਾਬ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਭਾਰਤ ਤਹਿਤ 16 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕੀਤੇ ਜਾਣ ਤੋਂ ਬਾਅਦ ਪੀਜੀਆਈ ਨੇ ਸੂਬੇ ਦੇ ਮਰੀਜ਼ਾਂ ਦਾ ਇਸ ਸਕੀਮ ਤਹਿਤ ਇਲਾਜ ਬੰਦ ਕਰ ਦਿੱਤਾ ਹੈ। ਸੂਬਾ ਸਰਕਾਰ ਦੇ ਅਫ਼ਸਰਾਂ ਦੀ ਅਣਗਹਿਲੀ ਕਰਕੇ ਹੁਣ ਇਸ ਸਕੀਮ ਤਹਿਤ ਪੰਜਾਬ ਦਾ ਕੋਈ ਵੀ ਵਾਸੀ ਚੰਡੀਗੜ੍ਹ ਦੇ ਪੀ.ਜੀ.ਆਈ 'ਚ ਨਕਦੀ ਰਹਿਤ ਇਲਾਜ ਨਹੀਂ ਕਰ ਸਕਦਾ ਹੈ। ਆਯੂਸ਼ਮਾਨ ਭਾਰਤ ਯੋਜਨਾ ਦੇ ਨੋਡਲ ਅਫਸਰ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਦੇ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀ 1 ਅਗਸਤ ਤੋਂ ਇਸ ਸਕੀਮ ਦੇ ਤਹਿਤ ਲਾਭ ਲੈਣ ਦੇ ਯੋਗ ਨਹੀਂ ਹੋਣਗੇ। ਨਵੇਂ ਦਾਖਲੇ ਦੀ ਮੰਗ ਕਰਨ ਵਾਲੇ ਕਿਸੇ ਵੀ ਲਾਭਪਾਤਰੀ ਨੂੰ ਨਿਯਮਤ ਮਰੀਜ਼ਾਂ ਵਾਂਗ ਉਪਭੋਗਤਾ ਫੀਸ ਅਦਾ ਕਰਨੀ ਪਵੇਗੀ। ਦੂਜੇ ਰਾਜਾਂ ਦੇ ਲਾਭਪਾਤਰੀ ਆਮ ਵਾਂਗ ਸੇਵਾਵਾਂ ਦਾ ਲਾਭ ਲੈਂਦੇ ਰਹਿਣਗੇ। ਆਯੂਸ਼ਮਾਨ ਭਾਰਤ - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 20 ਅਗਸਤ 2019 ਨੂੰ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਵਿੱਤੀ ਸੁਰੱਖਿਆ ਪ੍ਰਦਾਨ ਕਰ ਕੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਇਹ ਇੱਕ ਹੱਕ ਅਧਾਰਤ ਸਿਹਤ ਬੀਮਾ ਕਵਰ ਹੈ ਜਿਸ ਵਿਚ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ, ਪ੍ਰਤੀ ਸਾਲ ਮੁਹਈਆ ਕਰਵਾਇਆ ਜਾਂਦਾ ਹੈ। ਇਸ ਸਕੀਮ ਤਹਿਤ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਨਕਦੀ ਰਹਿਤ ਅਤੇ ਕਾਗਜ਼ ਰਹਿਤ ਇਲਾਜ ਉਪਲਬਧ ਹੈ।  

ਇਸਤੋਂ ਪਹਿਲਾਂ ਮਾਰਚ ਦੇ ਮਹੀਨੇ ਵੀ ਚੰਡੀਗੜ੍ਹ ਸਥਿਤ ਸੈਕਟਰ 32 ਦੇ ਸਰਕਾਰੀ ਹਸਪਤਾਲ ਨੇ 2.3 ਕਰੋੜ ਰੁਪਏ ਦੇ ਬਕਾਏ ਨੂੰ ਵੇਖਦਿਆਂ ਪੰਜਾਬ ਦੇ ਮਰੀਜ਼ਾਂ ਦੇ ਨਕਦੀ ਰਹਿਤ ਇਲਾਜ 'ਤੇ ਰੋਕ ਲਾ ਦਿੱਤੀ ਸੀ। ਪੰਜਾਬ ਸਰਕਾਰ 'ਤੇ ਇਸ ਸਕੀਮ ਤਹਿਤ ਚੰਡੀਗੜ੍ਹ ਦੇ ਜੀਐਮਸੀਐਚ (ਸੈਕਟਰ 32), ਜੀਐਮਐਸਐਚ (ਸੈਕਟਰ 16) ਅਤੇ ਪ੍ਰਾਈਵੇਟ ਹਸਪਤਾਲਾਂ ਦਾ 3 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। -PTC News

Related Post