ਸਰਕਾਰ ਬਹੁਮਤਵਾਦੀ ਸਿਧਾਂਤਾਂ ’ਤੇ ਚਲ ਰਹੀ ਹੈ ਜੋ ਗੁਰੂ ਰਵੀਦਾਸ ਜੀ ਦੇ ਫ਼ਲਸਫ਼ੇ ਅਨੁਸਾਰ ਨਹੀਂ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਰਕਾਰ ਬਹੁਮਤਵਾਦੀ ਸਿਧਾਂਤਾਂ ’ਤੇ ਚਲ ਰਹੀ ਹੈ ਜੋ ਗੁਰੂ ਰਵੀਦਾਸ ਜੀ ਦੇ ਸਭ ਦੇ ਬਰਾਬਰ ਹੋਣ ਦੇ ਸਿਧਾਂਤ ਮੁਤਾਬਕ ਨਹੀਂ।

By  Jasmeet Singh February 4th 2023 07:49 PM

ਚੰਡੀਗੜ੍ਹ, 4 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਰਕਾਰ ਬਹੁਮਤਵਾਦੀ ਸਿਧਾਂਤਾਂ ’ਤੇ ਚਲ ਰਹੀ ਹੈ ਜੋ ਗੁਰੂ ਰਵੀਦਾਸ ਜੀ ਦੇ ਸਭ ਦੇ ਬਰਾਬਰ ਹੋਣ ਦੇ ਸਿਧਾਂਤ ਮੁਤਾਬਕ ਨਹੀਂ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਟਿੱਪਣੀਆਂ ਅੱਜ ਗੁਰੂ ਰਵੀਦਾਸ ਜੀ ਦੇ ਜਨਮ ਅਸਥਾਨ ਵਿਖੇ ਨਤਮਸਤਕ ਹੋਣ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਨਾਲ ਗੱਲਬਾਤ ਕਰਦਿਆਂ ਕੀਤੀਆਂ। ਸੁਖਬੀਰ ਸਿੰਘ ਬਾਦਲ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਵਫ਼ਦ ਨੇ ਗੁਰੂ ਰਵੀਦਾਸ ਜੀ ਦੇ ਜਨਮ ਦਿਵਸ ’ਤੇ ਜਨਮ ਅਸਥਾਨ ਦੇ ਦਰਸ਼ਨ ਕੀਤੇ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਰਵੀਦਾਸ ਜੀ ਦਾ ਫ਼ਲਸਫ਼ਾ ਅੱਜ ਵੀ ਉਨੀ ਹੀ ਮਹੱਤਤਾ ਰੱਖਦਾ ਹੈ ਜਿੰਨੀ 500 ਸਾਲ ਪਹਿਲਾਂ ਰੱਖਦਾ ਸੀ ਤੇ ਅੱਜ ਦੇ ਸਮੇਂ ਵਿਚ ਇਸਦੀ ਬਹੁਤ ਲੋੜ ਹੈ।ਉਹਨਾਂ ਦੱਸਿਆ ਕਿ ਕਿਵੇਂ ਸਿੱਖ ਧਰਮ ਅਤੇ ਸ਼੍ਰੋਮਣੀ ਅਕਾਲੀ ਦਲ ਗੁਰੂ ਰਵੀਦਾਸ ਜੀ ਦੇ ਫ਼ਲਸਫ਼ੇ ’ਤੇ ਚਲ ਰਹੇ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਉਹਨਾਂ ਕਿਹਾ ਕਿ ਗੁਰੂ ਰਵੀਦਾਸ ਜੀ ਵਾਂਗ ਸਿੱਖ ਧਰਮ ਵਿਚ ਵੀ ਆਪਣੇ ਆਪ ਨੂੰ ਅਹਿਮੀਅਤ ਦੇਣ ਦੀ ਥਾਂ ਮਨੁੱਖਤਾ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸੇ ਤਰੀਕੇ ਹਮੇਸ਼ਾ ਅਕਾਲੀ ਦਲ ਸਮਾਨਤਾ ਤੇ ਸਮਾਜਿਕ ਨਿਆਂ ਲਈ ਹਮੇਸ਼ਾ ਡਟਿਆ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਡੇਰਾ ਬੱਲਾਂ ਨਾਲ ਲੰਬੀ ਸਾਂਝ ਦਾ ਜ਼ਿਕਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਾਦਲ ਸਾਹਿਬ ਹਮੇਸ਼ਾ ਸਾਰੇ ਧਰਮਾਂ ਨੂੰ ਸਤਿਕਾਰ ਦੇਣ ਵਿਚ ਵਿਸ਼ਵਾਸ ਰੱਖਦੇ ਸਨ। ਉਹਨਾਂ ਕਿਹਾ ਕਿ ਇਸੇ ਤਰੀਕੇ ਉਹਨਾਂ ਵੀ ਇਹ ਯਕੀਨੀ ਬਣਾਇਆ ਹੈ ਕਿ ਸਾਰੇ ਧਰਮਾਂ ਦੇ ਪਵਿੱਤਰ ਦਿਵਸ ਸੂਬੇ ਵਿਚ ਮਨਾਏ ਜਾਣ। ਉਹਨਾਂ ਕਿਹਾ ਕਿ ਭਗਵੰਤ ਵਾਲਮੀਕ  ਦਾ ਅਸਥਾਨ ਹੋਵੇ ਜਾਂ ਫਿਰ ਖੁਰਾਲਗੜ੍ਹ ਵਿਖੇ ਗੁਰੂ ਰਵੀਦਾਸ ਜੀ ਦਾ ਅਸਥਾਨ ਹਰ ਥਾਂ ਨੂੰ ਸੁੰਦਰ ਬਣਾਇਆ ਗਿਆ। ਇਸ ਫ਼ਲਸਫ਼ੇ ਦਾ ਮਕਸਦ ਸਰਬਤ ਦਾ ਭਲਾ ਸੀ। ਸਰਦਾਰ ਬਾਦਲ ਨੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਜਨਮ ਅਸਥਾਨ ਵਿਖੇ ਨਤਮਸਤਕ ਹੋਣ ਪਹੁੰਚੀ ਸੰਗਤ ਨਾਲ ਵੀ ਗੱਲਬਾਤ ਕੀਤੀ ਤੇ ਲੰਗਰ ਛਕਿਆ।

ਵਫਦ ਵਿਚ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਪਵਨ ਕੁਮਾਰ ਟੀਨੂੰ, ਬਲਦੇਵ ਖਹਿਰਾ, ਗੁਰਪ੍ਰਤਾਪ ਵਡਾਲਾ, ਕਬੀਰ ਦਾਸ, ਬਸਪਾ ਦੇ ਨਵਾਂਸ਼ਹਿਰ ਤੋਂ ਵਿਧਾਇਕ ਨਛੱਤਰਪਾਲ, ਅਵਤਾਰ ਸਿੰਘ ਕਰੀਮਪੁਰੀ, ਗੁਰਲਾਲ ਸੇਲਾ ਤੇ ਅਜੀਤ ਸਿੰਘ ਭੈਣੀ ਵੀ ਸ਼ਾਮਲ ਸਨ।

Related Post