ਸਰਕਾਰ ਦੀਆਂ ਮਾੜੀ ਨੀਤੀਆਂ ਕਾਰਨ ਲੱਗ ਸਕਦੀ ਸੂਬੇ ’ਚ ਆਰਥਿਕ ਐਮਰਜੈਂਸੀ : ਪ੍ਰੋ. ਚੰਦੂਮਾਜਰਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ’ਤੇ ਤੰਜ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ’ਚ ਪੇਸ਼ ਕੀਤਾ ਬਜਟ ਮਹਿਜ਼ ਖਾਨਾਪੂਰਤੀ ਹੈ, ਜਿਸ ਨਾਲ ਹਰ ਵਰਗ ਅਸੰਤੁਸ਼ਟ ਨਜ਼ਰ ਆ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਨੂੰ ਆਰਥਿਕ ਐਮਰਜੈਂਸੀ ਵਾਲਾ ਧੱਕਿਆ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਜਿਹੇ ਹਾਲਾਤਾਂ ਦੇ ਚੱਲਦਿਆਂ ਕਿਸੇ ਸਮੇਂ ਵੀ ਸੂਬੇ ਵਿਚ ਆਰਥਿਕ ਐਮਰਜੈਂਸੀ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਪੇਸ਼ ਕੀਤਾ ਗਿਆ ਬਜਟ ਨਾ ਤਾਂ ਖਜ਼ਾਨੇ ਦੀ ਭਰਪਾਈ ਕਰ ਸਕਦਾ ਅਤੇ ਨਾ ਹੀ ਪੰਜਾਬ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਦਾ ਕੋਈ ਸਾਰਥਿਕ ਹੱਲ ਹੈ। ਇਕ ਸਵਾਲ ਦੇ ਜਵਾਬ ’ਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਘਾਟੇ ’ਚੋਂ ਕੱਢਣ ਲਈ ਪਿਛਲੀ ਚੰਨੀ ਸਰਕਾਰ ਵੱਲੋਂ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ, ਜਦਕਿ ਅਸਲੀਅਤ ਵਿਚ ਐਲਾਨੀ ਗ੍ਰਾਂਟ ਦਾ ਇਕ ਵੀ ਪੈਸਾ ਯੂਨੀਵਰਸਿਟੀ ਤੱਕ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿ ਸਰਕਾਰ ਬਜਟ ’ਚ ਪੰਜਾਬੀ ਯੂਨੀਵਰਸਿਟੀ ਲਈ 200 ਕਰੋੜ ਦਾ ਐਲਾਨ ਤਾਂ ਕਰਦੀ ਹੈ, ਪ੍ਰੰਤੂ ਇਹ ਵੀ ਸਪੱਸ਼ਟ ਕਰੇ ਕਿ ਸਰਕਾਰ ਡਾਵਾਂਡੋਲ ਹੋਏ ਖਜ਼ਾਨੇ ’ਚੋਂ ਯੂਨੀਵਰਸਿਟੀ ਦੇ ਵਿੱਤੀ ਸੰਕਟ ਨੂੰ ਕਿਸ ਤਰ੍ਹਾਂ ਦੂਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ’ਚ ਡੁੱਬੇ ਪੰਜਾਬ ਨੂੰ ਹੋਰ ਕਰਜ਼ਾ ਚੁੱਕਕੇ ਨਹੀਂ ਚਲਾਇਆ ਜਾ ਸਕਦਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਰੈਵੀਨਿਊ ਇਕੱਠਾ ਕਰਨ ਲਈ ਮਹਿਜ਼ ਦਮਗਜੇ ਮਾਰੇ ਜਾ ਰਹੇ ਹਨ, ਜਦਕਿ ਹੁਣ ਤੱਕ ਕੋਈ ਠੋਸ ਨੀਤੀ ਅਤੇ ਖਜ਼ਾਨੇ ਦੇ ਸਰੋਤ ਨਜ਼ਰ ਨਹੀਂ ਆਉਂਦੇ।