ਸ਼੍ਰੋਮਣੀ ਕਮੇਟੀ ਦੇ ਕਾਲਜ ਦੀ ਵਿਦਿਆਰਥਣ ਦੇ ਰਾਸ਼ਟਰੀ ਪੁਰਸਕਾਰ ਜਿੱਤਣ ’ਤੇ ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ

By  Joshi October 3rd 2017 06:36 PM -- Updated: April 23rd 2018 11:50 AM

SGPC: ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦਿੱਤੀ ਵਧਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ, ਫਫੜੇ ਭਾਈਕੇ (ਮਾਨਸਾ) ਦੀ ਵਿਦਿਆਰਥਣ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ’ਸਵੱਛ ਭਾਰਤ ਅਭਿਆਨ’ ਤਹਿਤ ਕਰਵਾਏ ਗਏ ਰਾਸ਼ਟਰ ਪੱਧਰ ਦੇ ਨਿਬੰਧ ਰਚਨਾ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਪੱਧਰ ’ਤੇ 29 ਰਾਜਾਂ ਵਿੱਚੋ ਰਮਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਸ ਨੂੰ 50 ਹਜ਼ਾਰ ਰੁਪਏ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ।

SGPC: ਸ਼੍ਰੋਮਣੀ ਕਮੇਟੀ ਦੇ ਕਾਲਜ ਦੀ ਵਿਦਿਆਰਥਣ ਦੇ ਰਾਸ਼ਟਰੀ ਪੁਰਸਕਾਰ ਜਿੱਤਣ ’ਤੇ ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ SGPC: ਸ਼੍ਰੋਮਣੀ ਕਮੇਟੀ ਦੇ ਕਾਲਜ ਦੀ ਵਿਦਿਆਰਥਣ ਦੇ ਰਾਸ਼ਟਰੀ ਪੁਰਸਕਾਰ ਜਿੱਤਣ ’ਤੇ ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਵਿਦਿਆਰਥਣ ਰਮਨਦੀਪ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ, ਜਿਸ ਲਈ ਕਾਲਜ ਦੇ ਪ੍ਰਿੰਸੀਪਲ ਅਤੇ ਰਮਨਦੀਪ ਕੌਰ ਦੇ ਮਾਪੇ ਵੀ ਵਧਾਈ ਦੇ ਪਾਤਰ ਹਨ। ਕਾਲਜ ਦੀ ਪ੍ਰਿੰਸੀਪਲ ਡਾ ਰਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮਨਦੀਪ ਕੌਰ ਦੇ ਵਾਪਸ ਪਰਤਣ ’ਤੇ ਸਟਾਫ, ਵਿਦਿਆਰਥੀਆਂ ਅਤੇ ਇਲਾਕੇ ਦੀਆਂ ਸ਼ਖਸੀਅਤਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਵਿਦਿਆਰਥਣ ਰਮਨਦੀਪ ਕੌਰ ਨੂੰ ਰਾਸ਼ਟਰੀ ਪੁਰਸਕਾਰ ਮਿਲਣ ’ਤੇ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ, ਪਿੰਡ ਫਫੜੇ ਭਾਈਕੇ ਦੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਰਮਨਦੀਪ ਕੌਰ ਨੇ ਪਿਛਲੇ ਦਿਨੀਂ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਗਏ ਨਿਬੰਧ ਮੁਕਾਬਲਿਆਂ ਵਿੱਚ ਭਾਗ ਲਿਆ ਜਿਸਦਾ ਵਿਸ਼ਾ ’ਮੈਂ ਸਵੱਛਤਾ ਲਈ ਕੀ ਕਰਾਂਗੀ’ ਸੀ। ਇਨ੍ਹਾਂ ਮੁਕਾਬਲਿਆਂ ਵਿੱਚ ਰਮਨਦੀਪ ਕੌਰ ਨੇ ਪਹਿਲਾਂ ਸਟੇਟ ਲੈਵਲ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਤੋਂ ਬਾਅਦ ਇਸ ਵਿਦਿਆਰਥਣ ਨੇ ਰਾਸ਼ਟਰੀ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਨਾਮਣਾ ਖੱਟਿਆ ਹੈ। ਇਸ ਮੌਕੇ ਸਹਾਇਕ ਪ੍ਰੋਫੈਸਰ ਵੀਰਵੰਤੀ ਕੌਰ ਤੇ ਪ੍ਰੋ: ਸਿਮਰਜੀਤ ਕੌਰ, ਸ. ਹਰਦੀਪ ਸਿੰਘ, ਸ. ਅਵਤਾਰ ਸਿੰਘ, ਨਹਿਰੂ ਯੁਵਾ ਕੇਂਦਰ ਦੇ ਕੋ-ਆਰਡੀਨੇਟਰ ਬੀਬੀ ਪਰਮਜੀਤ ਕੌਰ, ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਹਰਦੀਪ ਸਿੱਧੂ, ਡਿਸਟ੍ਰਿਕਟ ਪ੍ਰੋਜੈਕਟ ਅਫਸਰ ਸੰਦੀਪ, ਵੱਡੀ ਗਿਣਤੀ ਵਿਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਇਲਾਕੇ ਦੇ ਲੋਕ ਮੌਜੂਦ ਸਨ।

—PTC News

 

Related Post