ਕੋਰੋਨਾ ਖੌਫ਼ ਵਿਚਾਲੇ ਰਾਹਤ ਦੀ ਖ਼ਬਰ, ਨਵਾਂਸ਼ਹਿਰ ਦੇ 13 ਮਰੀਜਾਂ ਨੇ ਜਿੱਤੀ ਕੋਰੋਨਾ ਤੋਂ ਜੰਗ

By  Shanker Badra April 12th 2020 06:32 PM

ਕੋਰੋਨਾ ਖੌਫ਼ ਵਿਚਾਲੇ ਰਾਹਤ ਦੀ ਖ਼ਬਰ, ਨਵਾਂਸ਼ਹਿਰ ਦੇ 13 ਮਰੀਜਾਂ ਨੇ ਜਿੱਤੀ ਕੋਰੋਨਾ ਤੋਂ ਜੰਗ:ਨਵਾਂਸ਼ਹਿਰ : ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਕੋਰੋਨਾ ਪੀੜਤਾਂ ਤੇ ਕੋਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਲੇਕਿਨ ਕੋਰੋਨਾ ਦੇ ਮੱਦੇਨਜ਼ਰ ਨਵਾਂਸ਼ਹਿਰ ਤੋਂ ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਨਵਾਂਸ਼ਹਿਰ ਦੇ 13 ਮਰੀਜਾਂ ਨੇ ਕੋਰੋਨਾ ਤੋਂ ਜੰਗ ਜਿੱਤੀ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਜੇਰੇ ਇਲਾਜ 3 ਹੋਰ ਪਾਜ਼ੀਟਿਵ ਪਾਏ ਗਏ ਮਰੀਜ਼ ਠੀਕ ਹੋ ਗਏ ਹਨ ਅਤੇ ਉਨ੍ਹਾਂ ਦੇ ਲਗਾਤਾਰ ਦੂਜੀ ਵਾਰ ਟੈਸਟ ਅੱਜ ਨੈਗੇਟਿਵ ਆਏ ਹਨ। ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਬਾਕੀ ਦੇ 5 ਮਰੀਜ਼ਾਂ ਦਾ ਇਕਾਂਤਵਾਸ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਜਾਏਗੀ। ਇਹ ਜਾਣਕਾਰੀ ਸਿਵਲ ਸਰਜਨ ਡਾਕਟਰ ਆਰ.ਪੀ ਭਾਟੀਆ ਵੱਲੋਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 8 ਮਰੀਜ਼ ਕੋਰੋਨਾ ਵਾਇਰਸ ਤੋਂ ਮੁਕਤੀ ਪ੍ਰਾਪਤ ਕਰਕੇ ਆਪਣੇ ਘਰ ਜਾ ਚੁੱਕੇ ਹਨ ਤੇ 5 ਹੋਰਨਾਂ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਹੁਣ ਕੋਰੋਨਾ ਤੋਂ ਮੁਕਤੀ ਪਾਉਣ ਵਾਲਿਆਂ ਦੀ ਗਿਣਤੀ ਕੁਲ 13 ਹੋ ਗਈ ਹੈ।ਹੁਣ ਤੱਕ 18 'ਚੋਂ 13 ਮਰੀਜ਼ ਬਿਲਕੁਲ ਸਿਹਤਯਾਬ ਹੋ ਗਏ ਹਨ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ ਤਿੰਨ ਮਰੀਜ਼ਾਂ ਦੇ ਠੀਕ ਹੋਣ ਦੇ ਨਾਲ-ਨਾਲ ਬਾਕੀ ਰਹਿ ਗਏ 5 ਮਰੀਜ਼ਾਂ 'ਚੋਂ ਤਿੰਨ ਹੋਰਾਂ ਦਾ ਵੀ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੋਂ ਬਾਅਦ ਪਹਿਲੀ ਵਾਰ ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਠੀਕ ਹੋਏ ਤਿੰਨ ਮਰੀਜ਼ਾਂ 'ਚੋਂ ਦੋ ਸਵਰਗੀ ਬਲਦੇਵ ਸਿੰਘ ਦੇ ਪੁੱਤਰ ਤੇ ਇੱਕ ਨੂੰਹ ਹੈ। ਇਸ ਤੋਂ ਪਹਿਲਾਂ ਠੀਕ ਹੋ ਚੁੱਕੇ 10 ਮਰੀਜ਼ਾਂ 'ਚ ਇੱਕ ਸਵ. ਬਲਦੇਵ ਸਿੰਘ ਦਾ ਪੁੱਤਰ, ਤਿੰਨ ਪੋਤੀਆਂ, ਇੱਕ ਪੋਤਾ ਤੇ ਇੱਕ ਦੋਹਤਾ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਸਿਹਤਯਾਬ ਹੋਏ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਅਤੇ ਸਰਪੰਚ ਹਰਪਾਲ ਸਿੰਘ ਪਠਲਾਵਾ ਵੀ ਇਨ੍ਹਾਂ ਦਸਾਂ 'ਚ ਸ਼ਾਮਲ ਹਨ। -PTCNews

Related Post