ਦਿਸ਼ਾਹੀਣ, ਅਰਥਹੀਣ ਅਤੇ ਦ੍ਰਿਸ਼ਟੀ ਤੋਂ ਸੱਖਣਾ ਬਜਟ: ਪਰਕਾਸ਼ ਸਿੰਘ ਬਾਦਲ

By  Joshi March 24th 2018 04:12 PM

Punjab Budget: ਦਿਸ਼ਾਹੀਣ, ਅਰਥਹੀਣ ਅਤੇ ਦ੍ਰਿਸ਼ਟੀ ਤੋਂ ਸੱਖਣਾ ਬਜਟ: ਪਰਕਾਸ਼ ਸਿੰਘ ਬਾਦਲ: ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਇਸ ਤੋਂ ਵੱਧ ਗੈਰ-ਸੰਜੀਦਾ ਬਜਟ ਕਦੇ ਨਹੀਂ ਪੜ੍ਹਿਆ

ਸਰਦਾਰ ਬਾਦਲ ਨੇ ਬਜਟ ਨੂੰ ਸਰਕਾਰ ਦੇ ਇੱਕ ਸਾਲ ਦੇ ਕਾਲੇ ਕਾਰਨਾਮਿਆਂ ਉੱਤੇ ਇੱਕ ਸਫੈਦ ਪੇਪਰ ਕਰਾਰ ਦਿੱਤਾ

ਚੰਡੀਗੜ੍ਹ: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਨੂੰ ' ਦਿਸ਼ਾਹੀਣ, ਅਰਥਹੀਣ ਅਤੇ ਦ੍ਰਿਸ਼ਟੀ ਤੋਂ ਸੱਖਣਾ' ਬਜਟ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਵੱਲੋਂ ਕਿਸਾਨਾਂ, ਦਲਿਤਾਂ, ਗਰੀਬਾਂ, ਨੌਜਵਾਨਾਂ, ਕਰਮਚਾਰੀਆਂ ਅਤੇ ਲਾਚਾਰ ਸੀਨੀਅਰ ਨਾਗਰਿਕਾਂ ਨਾਲ ਕੀਤੇ ਵਿਸਵਾਸ਼ਘਾਤ ਦਾ ਦਸਤਾਵੇਜ ਹੈ।

ਉਹਨਾਂ ਕਿਹਾ ਕਿ ਇਹ ਕਿਸੇ ਵੀ ਪੱਖ ਤੋਂ ਇੱਕ ਆਰਥਿਕ ਦਸਤਾਵੇਜ਼ ਨਹੀਂ ਲੱਗਦਾ। ਇਸ ਵਿਚ ਸਰਕਾਰ ਦੇ ਅਖੌਤੀ ਇਰਾਦੇ ਬਾਰੇ ਬੇਬੁਨਿਆਦ ਅਤੇ ਖੋਖਲੀ ਬਿਆਨਬਾਜ਼ੀ ਕੀਤੀ ਗਈ ਹੈ। ਇਸ ਤੋਂ ਸਪੱਸ਼ਟ ਹੈ ਕਿ ਇਸ ਵਿਚ ਕੋਈ ਆਰਥਿਕ ਯੋਜਨਾਬੰਦੀ ਕਰਨ ਜਾਂ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹਰ ਪੰਜਾਬੀ ਦੀ ਤਰ੍ਹਾਂ ਮੈਂ ਵੀ ਪੂਰੀ ਤਰ੍ਹਾਂ ਨਿਰਾਸ਼ ਹੋਇਆ ਹਾਂ।  ਬਜਟ ਵਾਲਾ ਦਸਤਾਵੇਜ਼ ਪਿਛਲੇ ਇੱਕ ਸਾਲ ਦੌਰਾਨ ਸਰਕਾਰ ਦੇ ਕਾਲੇ ਕਾਰਨਾਮਿਆਂ ਉੱਤੇ ਵਾਈਟ ਪੇਪਰ ਵਾਂਗ ਪੜ੍ਹਿਆ ਗਿਆ ਹੈ। ਸਮਾਜ ਦੇ ਹਰ ਵਰਗ ਕਿਸਾਨਾਂ, ਦਲਿਤਾਂ, ਨੌਜਵਾਨਾਂ, ਸੀਨੀਅਰ ਨਾਗਰਿਕਾਂ ਅਤੇ ਔਰਤਾਂ ਨੂੰ ਧੋਖਾ ਦੇਣਾ ਹੀ ਸਰਕਾਰ ਦੇ ਕਾਲੇ ਕਾਰਨਾਮੇ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਇਹ ਬਜਟ ਇਸ ਗੱਲ ਦਾ ਵੀ ਸਬੂਤ ਹੈ ਕਿ ਸਰਕਾਰ ਨੇ ਸੂਬੇ ਜਾਂ ਇਸ ਦੇ ਲੋਕਾਂ ਦੀ ਭਲਾਈ ਵਾਸਤੇ ਯੋਜਨਾਬੰਦੀ ਕਰਨ ਉੱਤੇ ਬਿਲਕੁੱਲ ਵੀ ਸਮਾਂ ਨਹੀਂ ਖਰਚਿਆ ਹੈ। ਇਸ ਤੋਂ ਸਰਕਾਰ ਦੀ ਪ੍ਰਸਾਸ਼ਨ ਵਰਗੇ ਸੰਵੇਦਨਸ਼ੀਲ ਅਤੇ ਸੰਜੀਦਾ ਕੰਮ ਬਾਰੇ ਸਰਸਰੀ ਅਤੇ ਗੈਰ-ਸੰਜੀਦਾ ਦਾ ਪਹੁੰਚ ਦਾ ਪਤਾ ਚੱਲਦਾ ਹੈ। ਮੈ ਆਪਣੀ ਸਾਰੀ ਜ਼ਿੰਦਗੀ ਵਿਚ ਕਦੇ ਵੀ ਇੰਨਾ ਗੈਰ-ਸੰਜੀਦਾ ਬਜਟ ਨਹੀ ਪੜ੍ਹਿਆ ਹੈ। ਇਹ ਲੋਕਾਂ ਵੱਲੋਂ ਦਿੱਤੇ ਫਤਵੇ ਨਾਲ ਵਿਸ਼ਵਾਸ਼ਘਾਤ ਕਰਨ ਵਾਲੀ ਕਾਰਵਾਈ ਹੈ।

—PTC News

Related Post