ਪੰਜਾਬ ਦੀ ਚੈੱਸ ਖਿਡਾਰਣ ਸੂਬਾ ਸਰਕਾਰ ਦੇ ਰਵੱਈਏ ਤੋਂ ਦੁਖੀ, ਲਾਏ ਗੰਭੀਰ ਇਲਜ਼ਾਮ

By  Riya Bawa January 3rd 2022 07:00 PM -- Updated: January 3rd 2022 07:03 PM

ਜਲੰਧਰ:  ਇੱਕ ਪਾਸੇ ਪੰਜਾਬ ਸਰਕਾਰ ਵੱਡੇ ਦਾਅਵੇ ਕਰਦੀ ਹੈ ਕਿ  ਉਹ ਖਿਡਾਰੀਆਂ ਲਈ ਚੰਗਾ ਕੰਮ ਕਰੇਗੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਨਕਦ ਰਾਸ਼ੀ ਅਤੇ ਨੌਕਰੀਆਂ ਵੀ ਦੇਵੇਗੀ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਦੇਸ਼ ਲਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਤਗਮੇ ਹਾਸਲ ਕਰਨ ਵਾਲੀ ਭਾਰਤ ਦੀ ਸ਼ਤਰੰਜ ਵਿਸ਼ਵ ਚੈਂਪੀਅਨ ਮਲਿਕਾ ਹਾਂਡਾ ਇਸ ਖੇਡ ਨੂੰ ਅਲਵਿਦਾ ਕਹਿਣ 'ਤੇ ਵਿਚਾਰ ਕਰ ਰਹੀ ਹੈ ਕਿਉਂਕਿ ਉਹ ਪੰਜਾਬ ਸਰਕਾਰ ਤੋਂ ਬਹੁਤ ਨਾਰਾਜ਼ ਹੈ।

ਉਸ ਨੇ ਵੀਡੀਓ ਜਾਰੀ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਨੌਕਰੀ ਤੇ ਨਕਦ ਇਨਾਮ ਨਹੀਂ ਦੇ ਸਕਦੀ ਕਿਉਂਕਿ ਸਰਕਾਰ ਕੋਲ ਅਪਾਹਜ ਖਿਡਾਰੀਆਂ ਲਈ ਅਜਿਹੀ ਕੋਈ ਨੀਤੀ ਨਹੀਂ। ਮਲਿਕਾ ਨੇ ਆਪਣੇ ਟਵਿਟਰ ਹੈਂਡਲ ਤੋਂ ਇੱਕ ਟਵੀਟ ਲਿਖਿਆ ਤੇ ਇੱਕ ਵੀਡੀਓ ਵੀ ਅਪਲੋਡ ਕੀਤਾ।

ਮਲਿਕਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਉਸ ਨੂੰ ਨੌਕਰੀ ਤੇ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਪਿੱਛੇ ਹਟ ਰਹੀ ਹੈ। ਵਿਸ਼ਵ ਡੈਫ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਤੇ ਦੋ ਚਾਂਦੀ ਦੇ ਤਗਮੇ ਜਿੱਤਣ ਵਾਲੀ ਹਾਂਡਾ ਨੇ 31 ਦਸੰਬਰ ਨੂੰ ਖੇਡ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਮਲਿਕਾ ਹਾਂਡਾ ਦਾ ਕਹਿਣਾ ਹੈ ਕਿ ਖੇਡ ਮੰਤਰੀ ਨੇ ਉਸ ਨੂੰ ਦੱਸਿਆ ਕਿ ਉਹ ਨੌਕਰੀ ਤੇ ਨਕਦ ਇਨਾਮ ਲਈ ਅਯੋਗ ਹੈ, ਕਿਉਂਕਿ ਉਨ੍ਹਾਂ ਕੋਲ ਬੋਲ਼ੇ ਖਿਡਾਰੀਆਂ ਲਈ ਕੋਈ ਨੀਤੀ ਨਹੀਂ ਹੈ।

ਆਪਣੇ ਟਵੀਟ ਵਿੱਚ ਮਲਿਕਾ ਨੇ ਲਿਖਿਆ ਹੈ ਕਿ ਬੇਸ਼ੱਕ ਉਹ ਸੁਣ ਅਤੇ ਬੋਲ ਨਹੀਂ ਸਕਦੀ ਪਰ ਉਹ ਲਿਖ ਸਕਦੀ ਹੈ ਅਤੇ ਲਿਖ ਕੇ ਹੀ ਸਰਕਾਰ ਦੇ ਕੰਨ ਖੋਲ੍ਹੇਗੀ। ਮਲਿਕਾ ਵੀ ਟਵਿਟਰ 'ਤੇ ਆਪਣੇ ਵੀਡੀਓ ਸ਼ੇਅਰ ਕਰ ਰਹੀ ਹੈ ਅਤੇ ਇਸ਼ਾਰਿਆਂ 'ਚ ਬੋਲਦਿਆਂ ਭਾਵੁਕ ਹੋ ਜਾਂਦੀ ਹੈ। ਆਪਣੇ ਤਗਮੇ ਅਤੇ ਜਿੱਤੇ ਇਨਾਮ ਦਿਖਾਉਂਦੇ ਹੋਏ ਉਹ ਕਹਿੰਦੀ ਹੈ ਕਿ ਉਸਨੇ ਇਹ ਸਭ ਦੇਸ਼ ਲਈ ਕੀਤਾ ਹੈ। ਕੇਂਦਰ ਸਰਕਾਰ ਨੇ ਵੀ ਉਸ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਪਰ ਪੰਜਾਬ ਸਰਕਾਰ ਉਸ ਦੀ ਜਾਂਚ ਨਹੀਂ ਕਰ ਰਹੀ। ਨੌਕਰੀ ਲਈ ਕਈ ਯਤਨ ਕੀਤੇ ਗਏ ਹਨ ਪਰ ਅੱਜ ਤੱਕ ਸਰਕਾਰ ਨੇ ਉਨ੍ਹਾਂ ਦੀ ਕੋਈ ਬਾਂਹ ਨਹੀਂ ਫੜੀ।

ਮਲਿਕਾ ਦਾ ਕਹਿਣਾ ਹੈ ਕਿ ਜਦੋਂ ਦੂਜੇ ਖਿਡਾਰੀਆਂ ਨੂੰ ਉਨ੍ਹਾਂ ਦੇ ਪਰਫੋਰਮਸ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਉਨ੍ਹਾਂ ਦਾ ਮਾਮਲਾ ਕਿਉਂ ਨਹੀਂ ਮੰਨਿਆ ਜਾ ਰਿਹਾ। ਉਹ 7 ਵਾਰ ਨੈਸ਼ਨਲ ਚੈਂਪੀਅਨਸ਼ਿਪ ਵੀ ਖੇਡ ਚੁੱਕੀ ਹੈ ਅਤੇ ਵਿਸ਼ਵ ਚੈਂਪੀਅਨ ਵੀ ਰਹਿ ਚੁੱਕੀ ਹੈ। ਸਰਕਾਰ ਉਨ੍ਹਾਂ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੀ ਹੈ?

ਦੂਜੇ ਪਾਸੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਜੇਕਰ ਉਹ ਮੇਰੇ ਕੋਲ ਆਉਂਦੀ ਹੈ ਤਾਂ ਮੈਂ ਉਸਦੀ ਮਦਦ ਜ਼ਰੂਰ ਕਰਾਂਗਾ। ਮੈਂ ਪਰਗਟ ਸਿੰਘ ਨੂੰ ਉਸਦੀ ਮਦਦ ਕਰਨ ਲਈ ਕਹਾਂਗਾ।"

-PTC News

Related Post