ਕਿਸਾਨਾਂ ਦਾ ਵਿਰੋਧ ਨਹੀਂ ਸਗੋਂ ਖੇਤੀਬਾੜੀ ਮੰਤਰੀ ਦੀ ਪ੍ਰਤੀਕਿਰਿਆ ਬਿਨਾਂ ਸਿਰ ਪੈਰ ਤੋਂ- ਕੈਪਟਨ ਅਮਰਿੰਦਰ ਸਿੰਘ

By  Joshi June 3rd 2018 07:26 PM

ਕਿਸਾਨਾਂ ਦਾ ਵਿਰੋਧ ਨਹੀਂ ਸਗੋਂ ਖੇਤੀਬਾੜੀ ਮੰਤਰੀ ਦੀ ਪ੍ਰਤੀਕਿਰਿਆ ਬਿਨਾਂ ਸਿਰ ਪੈਰ ਤੋਂ- ਕੈਪਟਨ ਅਮਰਿੰਦਰ ਸਿੰਘ

ਰਾਧਾ ਮੋਹਨ ਸਿੰਘ ਦੀ ਬਰਖਾਸਤਗੀ ਦੀ ਮੰਗ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਖੇਤੀ ਕਰਜ਼ੇ ਮੁਆਫ ਕਰਨ ਦੀ ਮੰਗ ਦੁਹਰਾਈ

ਚੰਡੀਗੜ੍ਹ, 3 ਜੂਨ: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਾਧਾ ਮੋਹਨ ਸਿੰਘ ਦੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਉੱਤੇ ਬਿਨਾਂ ਸਿਰ ਪੈਰ ਤੋਂ ਕੀਤੀ ਟਿੱਪਣੀ ਉੱਤੇ ਸਖ਼ਤ ਲਹਿਜ਼ੇ ਵਿਚ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਤੋਂ ਆਮ ਲੋਕਾਂ ਖਾਸ ਕਰ ਕਿਸਾਨੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੀ ਕੇਂਦਰ ਸਰਕਾਰ ਨੂੰ ਕੋਈ ਵੀ ਚਿੰਤਾ ਨਾ ਹੋਣ ਦਾ ਪ੍ਰਗਟਾਵਾ ਹੁੰਦਾ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਅਜੀਬ ਨਹੀਂ ਹੈ ਸਗੋਂ ਕੇਂਦਰੀ ਮੰਤਰੀ ਦਾ ਬਿਆਨ ਅਜੀਬ ਹੈ | ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਦਾ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ | ਇਸ ਕਰਕੇ ਉਸ ਦਾ ਇਸ ਵਿਭਾਗ 'ਤੇ ਬਣੇ ਰਹਿਣ ਦੀ ਕੋਈ ਵੀ ਤੁੱਕ ਨਹੀਂ ਹੈ |

ਕੇਂਦਰੀ ਮੰਤਰੀ ਦੇ ਬਿਆਨ ਨੂੰ ਹੱਦ ਦਰਜੇ ਦਾ ਘਟੀਆ ਅਤੇ ਸ਼ਰਮਨਾਕ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਨਿਰਾਸ਼ਾ ਦੇ ਕਾਰਨ ਆਤਮਹੱਤਿਆਵਾਂ ਵਰਗੇ ਸਿਰੇ ਦੇ ਕਦਮ ਚੁੱਕ ਰਹੇ ਹਨ ਅਤੇ ਦੇਸ਼ ਦਾ ਆਵਾਮ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਆਸਮਾਨ ਚੜ੍ਹਨ ਕਾਰਨ ਇਸ ਦੇ ਪ੍ਰਭਾਵ ਹੇਠ ਰੀਂਘ ਰਿਹਾ ਹੈ ਪਰ ਰਾਧਾ ਮੋਹਨ ਸਿੰਘ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਰੱਤੀ ਭਰ ਵੀ ਸੰਵੇਦਨਸ਼ੀਲ ਨਹੀਂ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਰਾਧਾ ਮੋਹਨ ਸਿੰਘ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਭਲਾਈ ਦਾ ਵਿਭਾਗ ਪ੍ਰਾਪਤ ਮੰਤਰੀ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸਮਝ ਸਕਦਾ ਅਤੇ ਉਨ੍ਹਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਸੰਵੇਦਨਹੀਨ ਹੈ ਤਾਂ ਦੇਸ਼ ਦਾ ਹਰ ਵਿਅਕਤੀ ਇਹ ਸਵਾਲ ਕਰ ਸਕਦਾ ਹੈ ਕਿ ਉਹ ਇਸ ਅਹੁਦੇ 'ਤੇ ਕਿਉਂ ਬਣਿਆ ਹੋਇਆ ਹੈ?

punjab cm lashes out at agricultural minister radha mohanਮੁੱਖ ਮੰਤਰੀ ਨੇ ਸਮੱਸਿਆਵਾਂ ਵਿਚ ਘਿਰੇ ਹੋਏ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਰਹਿਣ ਵਾਸਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕਿਸਾਨ ਆਤਮਹਿੱਤਆਵਾਂ ਕਰ ਰਹੇ ਹਨ ਪਰ ਕੇਂਦਰ ਦੇ ਕੰਨ 'ਤੇ ਕੋਈ ਵੀ ਜੂੰ ਨਹੀਂ ਸਰਕਦੀ | ਉਨ੍ਹਾਂ ਕਿਹਾ ਜਦੋਂ ਕਿ ਦੇਸ਼ ਦਾ ਢਿੱਠ ਭਰਨ ਵਾਲੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਵਰਗਾ ਸਿਰੇ ਦਾ ਕਦਮ ਚੁੱਕਣਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਦੁੱਖ ਭਰੀਆਂ ਹਾਲਤਾਂ ਪ੍ਰਤੀ ਧਿਆਨ ਖਿੱਚਣ ਲਈ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ | ਉਸ ਵੇਲੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੇਸ਼ ਦੇ ਭਲੇ ਵਿਚ ਨਹੀਂ ਹਨ |

ਅੰਦੋਲਨ ਕਰ ਰਹੇ ਕਿਸਾਨਾਂ ਨਾਲ ਆਪਣੀ ਪੂਰੀ ਹਮਦਰਦੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਤੋਂ ਉਸ ਸਮੇਂ ਕੀ ਉਮੀਦ ਕੀਤੀ ਜਾ ਸਕਦੀ ਹੈ ਜਦੋਂ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਦਾਅ 'ਤੇ ਲੱਗਾ ਹੋਇਆ ਹੈ | ਉਨ੍ਹਾਂ ਕਿਹਾ ਕਿ ਖੇਤੀ ਕਰਜ਼ੇ ਮੁਆਫ ਕਰਨ ਵਿਚ ਅਸਫ਼ਲ ਰਹਿਣ ਦੇ ਕੇਂਦਰ ਸਰਕਾਰ ਦੇ ਨਤੀਜੇ ਵਜੋਂ ਕਿਸਾਨਾਂ ਦੀ ਇਹ ਹਾਲਤ ਹੋਈ ਪਈ ਹੈ | ਪੰਜਾਬ ਸਣੇ ਬਹੁਤ ਸਾਰੇ ਸਿੂਬਆਂ ਦੀਆਂ ਸਰਕਾਰਾਂ ਨੇ ਵਾਰ ਵਾਰ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦ ਦਾ ਬਣਦਾ ਭਾਅ ਦੇਣ ਦੀ ਮੰਗ ਕੀਤੀ ਹੈ |

ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਢੁੱਕਵਾਂ ਭਾਅ ਮੁਹੱਈਆ ਕਰਵਾਇਆ ਜਾ ਸਕਦਾ ਹੈ |

ਖੇਤੀ ਕਰਜ਼ਿਆਂ ਨੂੰ ਮੁਆਫ ਕਰਨ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਦਿਵਾਲੀਆ ਹੋ ਚੁੱਕਾ ਪੰਜਾਬ ਵਰਗਾ ਸੂਬਾ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕੁਝ ਕਰ ਸਕਦਾ ਹੈ ਤਾਂ ਕੇਂਦਰ ਸਰਕਾਰ ਕਿਉਂ ਕਰਜ਼ਾ ਮੁਆਫੀ ਸਕੀਮ ਲੈ ਕੇ ਅੱਗੇ ਨਹੀਂ ਆਉਂਦੀ | ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਕੇਂਦਰ ਵਿਚ ਇੱਛਾ ਦੀ ਘਾਟ ਹੈ ਅਤੇ ਉਹ ਮੁਸੀਬਤਾਂ ਵਿਚ ਘਿਰੇ ਕਿਸਾਨਾਂ ਨੂੰ ਬਚਾਉਣਾ ਨਹੀਂ ਚਾਹੁੰਦੀ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕੇਵਲ ਅਮੀਰ ਉਦਯੋਗਪਤੀਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਖੁਸ਼ ਕਰਨ ਵਿਚ ਦਿੱਲਚੱਸਪੀ ਰੱਖਦੀ ਹੈ ਜੋ ਦੇਸ਼ ਦਾ ਵਿੱਤ ਅਤੇ ਸਰੋਤ ਲੈ ਕੇ ਉਡਾਰੀ ਮਾਰ ਰਹੇ ਹਨ | ਉਨ੍ਹਾਂ ਕਿਹਾ ਕਿ ਗਰੀਬ ਲੋਕ ਕੇਂਦਰ ਸਰਕਾਰ ਦੇ ਏਜੰਡੇ 'ਤੇ ਨਹੀਂ ਹਨ |

—PTC News

Related Post