ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਨਾਜ ਖਾਤੇ ਨਾਲ ਸਬੰਧਤ 31,000 ਕਰੋੜ ਰੁਪਏ ਦੇ ਨਿਪਟਾਰੇ ਲਈ ਅਰੁਣ ਜੇਤਲੀ ਦੇ ਨਿੱਜੀ ਦਖਲ ਦੀ ਮੰਗ

By  Joshi August 31st 2018 08:22 PM -- Updated: August 31st 2018 08:24 PM

punjab cm seeks arun jaitley’s intervention for settlement of rs.31000 cr on food account: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਨਾਜ ਖਾਤੇ ਨਾਲ ਸਬੰਧਤ 31,000 ਕਰੋੜ ਰੁਪਏ ਦੇ ਨਿਪਟਾਰੇ ਲਈ ਅਰੁਣ ਜੇਤਲੀ ਦੇ ਨਿੱਜੀ ਦਖਲ ਦੀ ਮੰਗ ੍ਹ ਜੇਤਲੀ ਵੱਲੋਂ ਇਸ ਮੁੱਦੇ 'ਤੇ ਵਿਚਾਰ ਵਟਾਂਦਰੇ ਲਈ ਮਨਪ੍ਰੀਤ ਬਾਦਲ ਨੂੰ ਸੱਦਾ ਨਵੀਂ ਦਿੱਲੀ, 31 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਅਤੇ ਝੋਨੇ ਦੀ ਖਰੀਦ ਦੇ ਸਬੰਧ 'ਚ ਅਨਾਜ ਖਾਤੇ ਦੇ 31,000 ਕਰੋੜ ਰੁਪਏ ਦੇ ਤੁਰੰਤ ਨਿਪਟਾਰੇ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ | ਅੱਜ ਸ਼ਾਮ ਸ੍ਰੀ ਜੇਤਲੀ ਦੇ ਸਰਕਾਰੀ ਨਿਵਾਸ ਸਥਾਨ 'ਤੇ ਇਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਜੇਤਲੀ ਕੋਲ ਇਹ ਮੁੱਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਦੱਸਿਆ ਕਿ ਇਸ 31,000 ਕਰੋੜ ਰੁਪਏ ਦੀ ਰਾਸ਼ੀ ਵਿੱਚ 12,000 ਕਰੋੜ ਰੁਪਏ ਮੂਲ ਰਾਸ਼ੀ ਹੈ ਜਦਕਿ ਇਸ 'ਤੇ 19,000 ਕਰੋੜ ਰੁਪਏ ਵਿਆਜ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲਾਂ ਹੀ ਵਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਸੂਬੇ 'ਤੇ ਹੋਰ ਬੋਝ ਹੈ | ਉਨ੍ਹਾਂ ਨੇ 2003-04 ਤੋਂ ਲੈ ਕੇ ਐਫ.ਸੀ.ਆਈ. ਦੇ ਵਾਸਤੇ ਸੂਬਾ ਏਜੰਸੀਆਂ ਵੱਲੋਂ ਕੀਤੀ ਗਈ ਖਰੀਦ ਦੇ ਵਾਸਤੇ ਵੀ ਖਾਤਿਆਂ ਨੂੰ ਵਿਵਸਥਿਤ ਨਾ ਕਰਨ ਸਬੰਧੀ ਰਾਸ਼ੀ ਦਾ ਜ਼ਿਕਰ ਕੀਤਾ | ਇਸ ਮੁੱਦੇ ਨੂੰ ਤੁਰੰਤ ਹੱਲ ਕਰਨ ਦੀ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਲੈ ਕੇ ਉਹ ਇਸ ਮੁੱਦੇ ਨੂੰ ਵਾਰ-ਵਾਰ ਉਠਾਉਂਦੇ ਰਹੇ ਹਨ ਅਤੇ ਇਹ ਹੁਣ ਕੇਂਦਰੀ ਵਿੱਤ ਮੰਤਰੀ ਦੇ ਫੈਸਲੇ ਵਾਸਤੇ ਲੰਬਿਤ ਪਿਆ ਹੋਇਆ ਹੈ | ਮੁੱਖ ਮੰਤਰੀ ਵੱਲੋਂ ਉਠਾਏ ਗਏ ਮੁੱਦੇ ਦੇ ਸਬੰਧ ਵਿੱਚ ਅਰੁਣ ਜੇਤਲੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦਾ ਪੂਰੀ ਤਰ੍ਹਾਂ ਜਾਇਜ਼ਾ ਲੈਣਗੇ ਅਤੇ ਇਸ ਦਾ ਤੇਜ਼ੀ ਨਾਲ ਨਿਪਟਾਰਾ ਕਰਨਗੇ | ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸੂਬੇ ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਟੀਮ ਇਸ ਸਮੁੱਚੇ ਮਾਮਲੇ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਭੇਜਣ | ਮੁੱਖ ਮੰਤਰੀ ਦੇ ਨਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਹਾਜ਼ਰ ਸਨ | —PTC News

Related Post