ਪੰਜਾਬ ਸਰਕਾਰ ਨੇ ਲੋਕਾਂ ਲਈ ਕੀਤੇ ਕਈ ਨਵੇਂ ਐਲਾਨ

By  Riya Bawa October 11th 2021 03:07 PM -- Updated: October 11th 2021 03:23 PM

ਚੰਡੀਗੜ੍ਹ: ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਵਾਰਤਾ ਦੌਰਾਨ ਪੰਜਾਬ ਸਰਕਾਰ ਨੇ ਅੱਜ ਨਵੀਂ ਸਕੀਮ 'ਮੇਰਾ ਘਰ ਮੇਰੇ ਨਾਂ' ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ ਲਾਲ ਲਕੀਰ ਅੰਦਰ ਰਹਿੰਦੇ ਗਰੀਬ ਲੋਕਾਂ ਨੂੰ ਘਰ ਦੇ ਮਾਲਕੀ ਹੱਕ ਦਿੱਤੇ ਜਾਣਗੇ। ਇਸ ਫੈਸਲੇ ਉੱਪਰ ਅੱਜ ਕੈਬਨਿਟ ਮੀਟਿੰਗ ਵਿੱਚ ਮੋਹਰ ਲਾਈ ਗਈ।

ਇਹ ਸਕੀਮ ਦਾ ਲਾਹਾ ਪਿੰਡਾਂ ਤੇ ਸ਼ਹਿਰਾਂ ਅੰਦਰ ਰਹਿੰਦੇ ਲੋਕਾਂ ਨੂੰ ਮਿਲੇਗਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਲਾਲ ਲਕੀਰ ਅੰਦਰ ਆਉਂਦੀਆਂ ਜ਼ਮੀਨਾਂ ਦੀ ਮੁਫ਼ਤ ਰਜਿਸਟਰੀ ਕੀਤੀ ਜਾਵੇਗੀ।

ਐਨਆਰਆਈਜ਼ ਲਈ ਕੀਤਾ ਵੱਡਾ ਐਲਾਨ

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਐਨਆਰਆਈਜ਼ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਐਲਾਨ ਨਾਲ ਹੁਣ ਆਪਣਾ ਘਰ-ਬਾਰ ਅਤੇ ਜ਼ਮੀਨ-ਜਾਇਦਾਦ ਛੱਡ ਕੇ ਵਿਦੇਸ਼ ਗਏ ਐਨਆਰਆਈਜ਼ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ। ਐਨ.ਆਰ. ਆਈ. ਲੋਕਾਂ ਦੀ ਸੰਪਤੀ ਦੀ ਸੁਰੱਖਿਆ ਲਈ ਕਾਨੂੰਨ ਲਿਆਂਦਾ ਜਾਵੇਗਾ।

ਇਸ ਤੋਂ ਅੱਗੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਬਿੱਲਾਂ ਦੇ ਬਕਾਏ ਬਾਰੇ ਬੋਲਦਿਆਂ ਕਿਹਾ ਕਿ ਦੋ ਕਿੱਲੋਵਾਟ ਤੱਕ ਦੇ ਹਰ ਵਰਗ ਦੇ ਲੋਕਾਂ ਨੂੰ ਫ਼ਾਇਦਾ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਮੁਆਫ਼ੀ ਲਈ ਫਾਰਮ ਤਿਆਰ ਕਰ ਲਿਆ ਗਿਆ ਹੈ। ਇਸ ਦਾ ਫਾਇਦਾ 52 ਲੱਖ ਪਰਿਵਾਰਾਂ ਨੂੰ ਮਿਲੇਗਾ।

ਪਿੰਡਾਂ 'ਚ ਜਿਨ੍ਹਾਂ ਲੋਕਾਂ ਕੋਲ 2 ਕਿੱਲੋਵਾਟ ਦੀ ਸਮਰੱਥਾ ਵਾਲਾ ਕੁਨੈਕਸ਼ਨ ਹੈ, ਉਨ੍ਹਾਂ ਦੇ ਬਿਜਲੀ ਬਿੱਲ ਮੁਆਫ਼ ਕੀਤੇ ਗਏ ਹਨ ਫਿਰ ਭਾਵੇਂ ਉਕਤ ਲੋਕ ਕਿਸੇ ਵੀ ਜਾਤੀ, ਧਰਮ ਆਦਿ ਨਾਲ ਸਬੰਧ ਰੱਖਦੇ ਹੋਣ।  ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਮੁਆਫ਼ ਕਰਨ ਲਈ ਲੋਕਾਂ ਨੂੰ ਇਕ ਫਾਰਮ ਭਰਨਾ ਪਵੇਗਾ ਅਤੇ ਉਨ੍ਹਾਂ ਦੇ ਪਿਛਲੇ ਬਿੱਲ 'ਚ ਆਇਆ ਬਕਾਇਆ ਮੁਆਫ਼ ਕਰ ਦਿੱਤਾ ਜਾਵੇਗਾ।

-PTC News

Related Post