ਸ਼ਰਤੀਆ ਇਲਾਜ ਕਰਨ ਵਾਲੇ ਨਸ਼ਾ ਛੁਡਾਊ ਕੇਂਦਰ 'ਚ ਮਰੀਜਾਂ ਦੀ ਵੱਡੀ ਲੁੱਟ ਦਾ ਪਰਦਾਫਾਸ਼ ,ਜਾਣੋਂ ਅਸਲ ਸੱਚਾਈ

By  Shanker Badra July 21st 2018 05:19 PM -- Updated: July 21st 2018 05:37 PM

ਸ਼ਰਤੀਆ ਇਲਾਜ ਕਰਨ ਵਾਲੇ ਨਸ਼ਾ ਛੁਡਾਊ ਕੇਂਦਰ 'ਚ ਮਰੀਜਾਂ ਦੀ ਵੱਡੀ ਲੁੱਟ ਦਾ ਪਰਦਾਫਾਸ਼ ,ਜਾਣੋਂ ਅਸਲ ਸੱਚਾਈ:ਪੰਜਾਬ ‘ਚ ਵੱਧ ਰਹੀ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ 'ਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਰਕਾਰੀ ਨਸ਼ਾ ਛੁਡਾਉ ਕੇਂਦਰ ਸਥਾਪਤ ਕੀਤੇ ਗਏ ਹਨ ,ਪਰ ਇਸ ਦੇ ਬਾਵਜੂਦ ਕਈ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ਲਗਭਗ ਹਰ ਸ਼ਹਿਰ ‘ਚ ਖੁੱਲ੍ਹੇ ਨਜ਼ਰ ਆ ਰਹੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਸ਼ਾ ਛੁਡਾਉਣ ਦੇ ਨਾਂ ‘ਤੇ ਚੱਲ ਰਹੇ ਕਈ ਨਸ਼ਾ ਮੁਕਤੀ ਕੇਂਦਰਾਂ 'ਚ ਮਰੀਜਾਂ ਦੀ ਲੁੱਟ ਹੋ ਰਹੀ ਹੈ।ਪ੍ਰਾਈਵੇਟ ਨਸ਼ਾ ਮੁਕਤ ਸੈਂਟਰ ਜਿਨ੍ਹਾਂ ਕੋਲ ਕੋਈ ਲਾਇਸੈਂਸ ਜਾਂ ਕਿਸੇ ਪ੍ਰਕਾਰ ਦੀ ਯੋਗਤਾ ਦਾ ਮੈਡੀਕਲ ਸਰਟੀਫਿਕੇਟ ਵੀ ਨਹੀਂ ਹੈ।ਇਸ ਤੋਂ ਇਲਾਵਾ ਕਈ ਜਗ੍ਹਾ ਕੁਆਲੀਫਾਈਡ ਡਾਕਟਰ ਵੀ ਨਹੀਂ ਅਤੇ ਕਈ ਜਗ੍ਹਾ ਤਾਂ ਬਿਨਾਂ ਟੈਸਟ ਕੀਤੇ ਹੀ ਦਵਾਈ ਦਿਤੀ ਜਾ ਰਹੀ ਹੈ।ਅਜਿਹੇ ਨਸ਼ਾ ਛੁਡਾਊ ਕੇਂਦਰ ਜਿਨ੍ਹਾਂ ਵਿੱਚ ‘ਸ਼ਰਤੀਆ ਇਲਾਜ’ ਦੇ ਦਾਅਵੇਦਾਰ ਮਾਪਿਆਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਮੋਹਾਲੀ ਦੇ ਖਰੜ ਵਿਚ ਅਜਿਹੇ ਇੱਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਦਾ ਖੁਲਾਸਾ ਸਾਹਮਣੇ ਆਇਆ ਹੈ।ਜਿਸ ਨੂੰ 14 ਜੁਲਾਈ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ ਪਰ ਇਸ ਦੇ ਬਾਵਜੂਦ ਵੀ ਖਰੜ ਦੇ ਹਸਪਤਾਲ ਦੇ ਨੇੜੇ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ਚੱਲ ਰਿਹਾ ਹੈ।ਡਾਕਟਰ ਵੱਲੋਂ ਬਿਨਾਂ ਕਿਸੇ ਯੋਗ ਮੈਡੀਕਲ ਸਰਟੀਫਿਰੇਕਟ ਦੇ ਇਹ ਨਸ਼ਾ ਮੁਕਤੀ ਸੈਂਟਰ ਖੋਲ੍ਹਿਆ ਹੋਇਆ ਹੈ।ਡਿਪਟੀ ਕਮਿਸ਼ਨਰ ਨੇ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਨਸ਼ਾ ਮੁਕਤੀ ਸੈਂਟਰ ‘ਤੇ ਯੋਗਤਾ ਅਨੁਸਾਰ ਪ੍ਰਬੰਧ ਨਹੀਂ ਮਿਲੇ,ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸੈਂਟਰ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ। ਪੀ.ਟੀ.ਸੀ.ਨਿਊਜ ਦੀ ਟੀਮ ਨੇ ਅਸਲ ਸੱਚਾਈ ਜਾਣਨ ਲਈ ਇਥੇ ਲਗਾਤਾਰ ਦੋ ਦਿਨ ਆਪਣੇ ਵੱਲੋਂ ਤਿਆਰ ਕਰ ਕੇ ਮਰੀਜਾਂ ਨੂੰ ਭੇਜਿਆ ਗਿਆ।ਸਾਡੀ ਟੀਮ ਨੇ ਅੰਦਰ ਵੜਦਿਆਂ ਹੀ ਦੇਖਿਆ ਕਿ ਕਈ ਨੌਜਵਾਨ ਦਵਾਈ ਲੈਣ ਲਈ ਖੜੇ ਸੀ।ਨੌਜਵਾਨ ਆਪਣੀ ਦਵਾਈ ਲੈਣ ਲਈ ਆਪਣਾ ਨਾਮ ਇੱਕ ਵਿਅਕਤੀ ਨੂੰ ਸਕੂਲੀ ਬੱਚੇ ਦੀ ਕਾਪੀ ਵਿੱਚ ਨੋਟ ਕਰਵਾ ਰਹੇ ਸੀ।ਜਿਸ ਵਿਚ ਮਰੀਜ਼ਾਂ ਤੋਂ ਖੁਦ ਲਿਖਵਾਇਆ ਜਾ ਰਿਹਾ ਸੀ ਕਿ ਤੁਹਾਨੂੰ ਦਾਖਲ ਹੋਣ ਦੀ ਲੋੜ ਨਹੀਂ ਅਤੇ ਉਥੇ ਹੀ ਮਰੀਜ ਤੋਂ ਉਸ ਦੇ ਦਸਖ਼ਤ ਲਏ ਜਾ ਰਹੇ ਸੀ।ਜਿਸ ਵਿਚ ਉਨ੍ਹਾਂ ਨੇ ਆਖਰੀ ਮੋਬਾਈਲ ਨੰਬਰ ਨੂੰ ਹੀ ਉਨ੍ਹਾਂ ਦਾ ਕੋਡ ਦਿੱਤਾ ਜਾ ਰਿਹਾ ਸੀ।ਇਸ ਵਿਚ ਅਸੀਂ ਵੀ ਆਪਣਾ ਨਾਮ ਅਤੇ ਆਪਣਾ ਮੋਬਾਈਲ ਨੰਬਰ ਲਿਖ ਦਿੱਤਾ ਤੇ ਸਾਨੂੰ ਵੀ ਆਪਣਾ ਕੋਡ ਨੰਬਰ ਮਿਲ ਗਿਆ।ਇਸ ਤੋਂ ਬਾਅਦ ਸਾਨੂੰ ਅਗਲੇ ਕਮਰੇ ਵਿੱਚ ਭੇਜ ਦਿੱਤਾ।ਜਿੱਥੇ ਸਾਨੂੰ ਇੱਕ ਮਹਿਲਾ ਡਾਕਟਰ ਮਿਲੀ।ਮਹਿਲਾ ਡਾਕਟਰ ਨੇ ਪੁੱਛਿਆ ਕਿ ਤੁਸੀਂ ਕਿਸ ਚੀਜ ਦਾ ਨਸ਼ਾ ਕਰਦੇ ਹੋ ਤੇ ਅਸੀਂ ਕਿਹਾ ਕਿ ਸ਼ਰਾਬ ਤੇ ਅਫੀਮ ਖਾਂਦੇ ਹਾਂ ਤਾਂ ਉਨ੍ਹਾਂ ਨੇ ਬਿਨਾਂ ਕੋਈ ਸਾਡਾ ਟੈਸਟ ਕੀਤੇ ਸਾਨੂੰ ਇੱਕ ਹਫਤੇ ਦੀ ਦਵਾਈ ਦੇ ਦਿੱਤੀ ਤੇ ਕਿਹਾ ਕਿ ਪੱਕਾ ਇਲਾਜ ਹੈ ਤੇ ਤੁਸੀਂ ਅੱਗੇ ਤੋਂ ਨਸ਼ਾ ਛੱਡ ਦੇਵੋਗੇ। ਉਨ੍ਹਾਂ ਨੇ ਸਾਡੇ ਕੋਲੋਂ ਇੱਕ ਹਜ਼ਾਰ ਰੁਪਏ ਫੀਸ ਲੈ ਲਈ ਤੇ ਪਰਚੀ ਸਾਨੂੰ 900 ਰੁਪਏ ਦੀ ਦਿੱਤੀ ਜਦੋ ਅਸੀਂ 100 ਰੁਪਏ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੁੱਝ ਦਵਾਈਆਂ ਅਸੀਂ ਲਿਖ ਨਹੀਂ ਸਕਦੇ ਇਹ ਪੈਸੇ ਉਸ ਦਵਾਈ ਦੇ ਹਨ।ਇਥੋਂ ਤੱਕ ਕਿ ਜਿਸ ਡਾਕਟਰ ਦੇ ਨਾਮ 'ਤੇ ਇਹ ਨਸ਼ਾ ਮੁਕਤ ਸੈਂਟਰ ਹੈ ਉਹ ਦਿਖਾਈ ਹੀ ਨਹੀਂ ਦਿੱਤੇ।ਮਹਿਲਾ ਡਾਕਟਰ ਵੱਲੋਂ ਦਵਾਈ ਜੀਭ ਥੱਲੇ ਰੱਖ ਕੇ ਲੈਣ ਲਈ ਕਿਹਾ ਗਿਆ ਅਤੇ ਕਿਹਾ ਕਿ ਜੇਕਰ ਤੁਸੀਂ ਜ਼ਿਆਦਾ ਡੋਜ਼ ਲੈ ਲਈ ਤਾਂ ਤੁਹਾਡੀ ਮੌਤ ਵੀ ਹੋ ਸਕਦੀ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਅਸੀਂ ਜ਼ਿਲ੍ਹਾ ਕਮਿਸ਼ਨਰ ਨੂੰ ਦੱਸਿਆ ਤਾਂ ਉਹ ਸਾਡੇ ਕੋਲ ਇਹ ਦਵਾਈ ਅਤੇ ਡਾਕਟਰ ਦੀ ਦਿੱਤੀ ਪਰਚੀ ਦੇਖ ਕੇ ਹੈਰਾਨ ਹੋਏ ਤੇ ਉਨ੍ਹਾਂ ਨੇ ਕਿਹਾ ਕਿ ਪਹਿਲੇ ਹੀ ਉਹ ਇਸ ਸੈਂਟਰ ਨੂੰ ਬੰਦ ਕਾਰਨ ਦੀ ਸਿਫਾਰਸ਼ 14 ਜੁਲਾਈ ਨੂੰ ਕਰ ਚੁੱਕੇ ਹਨ।ਕਮਿਸ਼ਨਰ ਨੇ ਦੱਸਿਆ ਕਿ ਇਸ ਸੈਂਟਰ ਦੀ ਚੈਕਿੰਗ ਕੀਤੀ ਗਈ ਸੀ ਜਿਸ ਵਿਚ ਕਈ ਗ਼ਲਤੀਆਂ ਪਾਉਣ ਤੋਂ ਬਾਅਦ ਇਸ ਉੱਤੇ ਕਾਰਵਾਈ ਕਰਨ ਲਈ ਹੈਲਥ ਵਿਭਾਗ ਨੂੰ ਕਿਹਾ ਗਿਆ ਹੈ। ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਮਰੀਜ਼ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਣ ਤੋਂ ਪਹਿਲਾਂ ਉਸ ਕੇਂਦਰ ਦੀ ਚੰਗੀ ਤਰ੍ਹਾਂ ਪੜਤਾਲ ਕਰ ਲੈਣ ਕਿ ਉਹ ਸੈਂਟਰ ਸਿਰਫ਼ ਪੈਸੇ ਇਕੱਠੇ ਕਰਨ ਲਈ ਹੀ ਤਾਂ ਨਹੀਂ ਖੁੱਲ੍ਹਿਆ ਹੋਇਆ। -PTCNews

Related Post