ਕਾਂਗਰਸ ਨੇ ਪੰਚਾਇਤ ਚੋਣਾਂ 'ਚ ਧੱਕੇਸ਼ਾਹੀ ਕੀਤੀ: ਅਕਾਲੀ ਦਲ

By  Jashan A December 30th 2018 07:33 PM

ਕਾਂਗਰਸ ਨੇ ਪੰਚਾਇਤ ਚੋਣਾਂ 'ਚ ਧੱਕੇਸ਼ਾਹੀ ਕੀਤੀ: ਅਕਾਲੀ ਦਲ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਚਾਇਤ ਚੋਣਾਂ ਵਿਚ ਸ਼ਰੇਆਮ ਕੀਤੀ ਧੱਕੇਸ਼ਾਹੀ ਲੋਕਤੰਤਰ ਦਾ ਕਤਲ ਹੈ। ਪਾਰਟੀ ਨੇ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਵਿਚ ਨਾਕਾਮ ਰਹਿਣ ਲਈ ਰਾਜ ਚੋਣ ਕਮਿਸ਼ਨ ਦੀ ਝਾੜਝੰਬ ਕੀਤੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਚੋਣਾਂ ਵਾਲੇ ਦਿਨ ਕਾਂਗਰਸੀਆਂ ਨੇ ਨਾ ਸਿਰਫ ਰੱਜ ਕੇ ਹਿੰਸਾ ਕੀਤੀ, ਸਗੋਂ ਸ਼ਰੇਆਮ ਬੂਥਾਂ ਉੱਤੇ ਵੀ ਕਬਜ਼ੇ ਕੀਤੇ ਹਨ। ਅਫਸੋਸ ਦੀ ਗੱਲ ਇਹ ਹੈ ਕਿ ਸਿਵਲ ਪ੍ਰਸਾਸ਼ਨ ਮੂਕ ਦਰਸ਼ਕ ਬਣਿਆ ਰਿਹਾ, ਜਦਕਿ ਪੁਲਿਸ ਨੇ ਵੱਖ ਵੱਖ ਥਾਵਾਂ ਉੱਤੇ ਅਕਾਲੀ ਵਰਕਰਾਂ ਖ਼ਿਲਾਫ ਕਾਰਵਾਈ ਕਰਦਿਆਂ ਕਾਂਗਰਸੀਆਂ ਨੂੰ ਹੇਰਾਫੇਰੀਆਂ ਕਰਨ ਦੀ ਪੂਰੀ ਖੁੱਲ ਦਿੱਤੀ।

ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਾਕਟਰ ਚੀਮਾ ਨੇ ਦੱਸਿਆ ਕਿ ਕਾਂਗਰਸੀਆਂ ਨੇ ਵੱਖ ਵੱਖ ਥਾਂਵਾਂ ਉੱਤੇ ਅੰਨੇਵਾਹ ਫਾਇਰਿੰਗ ਕਰਕੇ ਅਕਾਲੀ ਵਰਕਰਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ। ਉਹਨਾਂ ਕਿਹਾ ਕਿ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਮੋਗਾ ਦੇ ਪਿੰਡ ਦੀਨਾ, ਪਟਿਆਲਾ ਦੇ ਬੋਸਰਕਲਾਂ ਤੋਂ ਇਲਾਵਾ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਖੇ ਵਾਪਰੀਆਂ। ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਥਾਂਵਾਂ ਉੱਤੇ ਕਾਂਗਰਸੀ ਗੁੰਡਿਆਂ ਵੱਲੋਂ ਬੂਥਾਂ ਉੱਤੇ ਵੀ ਕਬਜ਼ੇ ਕੀਤੇ ਗਏ।

ਉਹਨਾਂ ਕਿਹਾ ਕਿ ਮੁੱਲਾਂਪੁਰ ਦਾਖਾ ਵਿਖੇ ਵੀ ਵੱਡੇ ਪੱਧਰ ਉੱਤੇ ਬੂਥਾਂ ਉੱਪਰ ਕਬਜ਼ੇ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ।ਅਕਾਲੀ ਆਗੂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਮਮਦੋਟ ਵਿਖੇ ਕਾਂਗਰਸ ਵਰਕਰਾਂ ਵੱਲੋਂ ਵੋਟਾਂ ਦੇ ਬਕਸੇ ਨੂੰ ਅੱਗ ਲਾਉਣ ਮਗਰੋਂ ਮੱਚੀ ਭਗਦੜ ਵਿਚ ਇੱਕ ਵਿਅਕਤੀ ਦੀ ਕਾਰ ਥੱਲੇ ਕੁਚਲੇ ਜਾਣ ਨਾਲ ਮੌਤ ਹੋ ਗਈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ੱਦੀ ਜ਼ਿਲ੍ਹੇ ਪਟਿਆਲਾ ਵਿਚ ਵੱਡੀ ਪੱਧਰ ਉੱਤੇ ਹਿੰਸਾ ਅਤੇ ਬੂਥਾਂ ਉੱਤੇ ਕਬਜ਼ਿਆਂ ਦੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ।ਉਹਨਾਂ ਕਿਹਾ ਸਨੌਰ ਵਿਚ ਗੋਲੀਆਂ ਚਲਾਈਆਂ ਗਈਆਂ ਅਤੇ ਵੱਡੀ ਪੱਧਰ ਉੱਤੇ ਪੱਥਰਬਾਜ਼ੀ ਕੀਤੀ ਗਈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਰਾਜਪੁਰਾ ਵਿਚ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨਾਲ ਕਾਂਗਰਸੀ ਗੁੰਡਿਆਂ ਵੱਲੋਂ ਧੱਕਾਮੁੱਕੀ ਕੀਤੀ ਗਈ।

ਇਹ ਕਹਿੰਦਿਆਂ ਕਿ ਸੂਬੇ ਦੀ ਪੁਲਿਸ ਕਾਂਗਰਸ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ, ਡਾਕਟਰ ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਨੌਸ਼ਹਿਰਾ ਵਿਚ ਪੁਲਿਸ ਕਰਮੀਆਂ ਨੇ ਕਾਂਗਰਸੀਆਂ ਦੀ ਮੱਦਦ ਕਰਨ ਲਈ ਅਕਾਲੀ ਵਰਕਰਾਂ ਉੱਤੇ ਲਾਠੀਚਾਰਜ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ।

ਇਹ ਟਿੱਪਣੀ ਕਰਦਿਆਂ ਕਿ ਰਾਜ ਚੋਣ ਕਮਿਸ਼ਨ ਸੂਬੇ ਅੰਦਰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ, ਡਾਕਟਰ ਚੀਮਾ ਨੇ ਕਿਹਾ ਕਿ ਚੋਣਾਂ ਦੌਰਾਨ ਹੇਰਾਫੇਰੀਆਂ ਕਰਨ ਵਾਲਿਆਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਪਹਿਲਾਂ ਹੀ ਚੋਣਾਂ ਦੇ ਮਾਹੌਲ ਨੂੰ ਵਿਗਾੜ ਦਿੱਤਾ ਗਿਆ ਸੀ, ਜਦੋਂ ਚੋਣਾਂ ਤੋਂ ਪਹਿਲਾਂ ਹੀ ਕਾਂਗਰਸੀਆਂ ਵੱਲੋ ਅਕਾਲੀ ਆਗੂਆਂ ਨੂੰ ਇਹ ਕਹਿ ਕੇ ਡਰਾਇਆ ਅਤੇ ਧਮਕਾਇਆ ਜਾ ਰਿਹਾ ਸੀ ਕਿ ਜੇਕਰ ਚੋਣਾਂ ਵਿਚ ਭਾਗ ਲਿਆ ਤਾਂ ਨਤੀਜੇ ਭੁਗਤਣੇ ਪੈਣਗੇ।

ਉਹਨਾਂ ਕਿਹਾ ਕਿ ਅੱਜ ਚੋਣਾਂ ਵਾਲੇ ਦਿਨ ਕਾਂਗਰਸੀ ਗੁੰਡਿਆਂ ਨੇ ਅਕਾਲੀ ਵਰਕਰਾਂ ਨੂੰ ਪੋਲਿੰਗ ਬੂਥਾਂ ਤਕ ਵੀ ਨਹੀਂ ਜਾਣ ਦਿੱਤਾ ਅਤੇ ਉਹਨਾਂ ਨੂੰ ਡਰਾਉਣ ਹਵਾ ਵਿਚ ਫਾਇਰ ਕੀਤੇ ਅਤੇ ਉਹਨਾਂ ਉੱਤੇ ਪੱਥਰਬਾਜ਼ੀ ਕੀਤੀ ਗਈ।ਡਾਕਟਰ ਚੀਮਾ ਨੇ ਕਿਹਾ ਕਿ ਇਹਨਾਂ ਸਾਰੀਆਂ ਘਟਨਾਵਾਂ ਤੋਂ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਅੰਦਰ ਲੋਕਾਂ ਦਾ ਸਾਹਮਣਾ ਕਰਨ ਦਾ ਹੌਂਸਲਾ ਨਹੀਂ ਸੀ।

ਉਹਨਾਂ ਕਿਹਾ ਕਿ ਕਾਂਗਰਸੀ ਜਾਣਦੇ ਹਨ ਕਿ ਉਹਨਾਂ ਦੀ ਸਰਕਾਰ ਨੇ ਲੋਕਾਂ ਲਈ ਕੁੱਝ ਨਹੀਂ ਕੀਤਾ ਹੈ ਅਤੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਇਹੀ ਕਾਰਣ ਹੈ ਕਿ ਉਹਨਾਂ ਨੇ ਲੋਕਤੰਤਰੀ ਪ੍ਰਕਿਰਿਆ ਉੱਤੇ ਕਬਜ਼ਾ ਕਰਨ ਲਈ ਗੁੰਡਾਗਰਦੀ ਦਾ ਸਹਾਰਾ ਲਿਆ ਹੈ।

-PTC News

Related Post