ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸਰਦਾਰ ਸੋਹੀ ਖੇਤਾਂ 'ਚ ਝੋਨਾ ਲਗਾਉਣ ਲਈ ਜੁਟੇ

By  Kaveri Joshi June 25th 2020 03:37 PM

ਸ਼ੇਰਪੁਰ - ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸਰਦਾਰ ਸੋਹੀ ਖੇਤਾਂ 'ਚ ਝੋਨਾ ਲਗਾਉਣ ਲਈ ਜੁਟੇ: ਪੰਜਾਬੀ ਫ਼ਿਲਮ ਜਗਤ ਦੀ ਮਕਬੂਲ ਹਸਤੀ ਸਰਦਾਰ ਸੋਹੀ ਨੇ ਜਿੰਨੀ ਲਗਨ ਅਤੇ ਮਿਹਨਤ ਨਾਲ ਅਦਾਕਾਰੀ ਦੇ ਖੇਤਰ 'ਚ ਨਾਮਣਾ ਖੱਟਿਆ, ਓਨੀ ਹੀ ਮਿਹਨਤ ਨਾਲ ਅੱਜਕਲ੍ਹ ਉਹ ਖੇਤਾਂ 'ਚ ਝੋਨਾ ਲਗਾ ਰਹੇ ਹਨ । ਦੱਸ ਦੇਈਏ ਕਿ ਇਹਨੀ ਦਿਨੀਂ ਜ਼ਮੀਰ ਅਤੇ ਜ਼ਮੀਨ ਨਾਲ ਜੁੜ੍ਹੇ ਰਹਿਣ ਵਾਲੇ ਸਰਦਾਰ ਸੋਹੀ ਸ਼ੇਰਪੁਰ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਆਪਣੇ ਪਿੰਡ ਟਿੱਬਾ ਵਿਖੇ ਆਪਣੀ ਜ਼ਮੀਨ 'ਚ ਛੋਟੇ ਭਰਾ ਨਾਲ ਝੋਨਾ ਲਗਾਉਣ 'ਚ ਮਸ਼ਰੂਫ਼ ਹਨ । ਦਰਅਸਲ ਸਰਦਾਰ ਸੋਹੀ ਖੇਤੀਬਾੜੀ ਨੂੰ ਆਪਣੇ ਪੁਰਖਾਂ ਦਾ ਕਿੱਤਾ ਮੰਨਦੇ ਹਨ ਅਤੇ ਖ਼ੁਦ ਈ ਉਹਨਾਂ ਨੂੰ ਖੇਤੀ ਕਰਨਾ ਚੰਗਾ ਲੱਗਦਾ ਹੈ । ਉਹਨਾਂ ਅਨੁਸਾਰ ਆਪਣੇ ਖੇਤਾਂ 'ਚ ਖ਼ੁਦ ਜੀਰੀ ਲਗਾਉਂਦੇ ਉਹਨਾਂ ਨੂੰ ਵਧੀਆ ਮਹਿਸੂਸ ਹੁੰਦਾ ਹੈ ।ਬੇਸ਼ੱਕ ਉਹ ਫ਼ਿਲਮੀ ਅਤੇ ਅਦਾਕਾਰੀ ਕਿੱਤੇ ਨਾਲ ਜੁੜੇ ਹਨ ਪਰ ਆਪਣੀਆਂ ਪੈਲੀਆਂ ਅਤੇ ਖੇਤੀ ਨਾਲ ਉਹਨਾਂ ਦਾ ਮੁੱਢ ਤੋਂ ਹੀ ਗਹਿਰਾ ਨਾਤਾ ਰਿਹਾ ਹੈ । ਜ਼ਿਕਰਯੋਗ ਹੈ ਕਿ ਸਰਦਾਰ ਸੋਹੀ ਦੀਆਂ ਚਾਰ ਭੈਣਾਂ ਹਨ ਅਤੇ ਉਹਨਾਂ ਦਾ ਛੋਟਾ ਭਰਾ ਖੇਤੀਬਾੜੀ ਕਰਦਾ ਹੈ । ਜਿਵੇਂ ਕਿ ਕੋਰੋਨਾਵਾਇਰਸ ਦੇ ਚਲਦੇ ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ ਹਨ , ਤਾਂ ਅਜਿਹੇ 'ਚ ਝੋਨੇ ਦੀ ਲਵਾਈ ਕਾਫ਼ੀ ਔਖੀ ਹੋ ਗਈ ਹੈ, ਤਾਂ ਇਸਨੂੰ ਦੇਖਦੇ ਹੋਏ ਸਰਦਾਰ ਸੋਹੀ ਨੇ ਸੋਚਿਆ ਕਿ ਕਿਉਂ ਨਾ ਖੁਦ ਖੇਤਾਂ 'ਚ ਜਾ ਕੇ ਆਪਣੇ ਭਰਾ ਦੀ ਮਦਦ ਕਰਵਾਈ ਜਾਵੇ , ਸੋ ਇਸ ਲਈ ਉਹ ਆਪਣੇ ਖੇਤਾਂ 'ਚ ਝੋਨਾ ਲਗਾਉਣ 'ਚ ਜੁਟੇ ਹੋਏ ਹਨ । ਦੱਸ ਦੇਈਏ ਕਿ ਇਸਤੋਂ ਪਹਿਲਾਂ ਵੀ ਕਈ ਵਾਰ ਉਹ ਖੇਤੀ ਵਿੱਚ ਆਪਣੇ ਪਰਿਵਾਰ ਦੀ ਇਮਦਾਦ ਕਰਦੇ ਆਏ ਹਨ। ਸਵੇਰੇ ਤੜਕਸਾਰ ਉੱਠ ਕੇ ਖੇਤਾਂ 'ਚ ਸੈਰ ਕਰਨ ਦੇ ਸ਼ੁਕੀਨ ਸਰਦਾਰ ਸੋਹੀ ਅਨੁਸਾਰ ਪੁਰਾਣੇ ਤਜ਼ਰਬੇ ਕੰਮ ਜ਼ਰੂਰ ਆਉਂਦੇ ਹਨ। ਉਨ੍ਹਾਂ ਨੂੰ ਪਰਿਵਾਰ ਦੀ ਮਦਦ ਕਰਦੇ ਹੋਏ ਖੇਤੀ ਦੇ ਬਾਕੀ ਕੰਮਾਂ ਸਹਿਤ ਵਾਹੀ ਕਰਨਾ, ਤੂੜੀ (ਸੁੱਕਾ ਚਾਰਾ) ਨੂੰ ਬਣਾਉਣ ਤੋਂ ਲੈ ਕੇ ਢੁਆਈ ਤੱਕ ਕੰਮ ਕਰਨ 'ਚ ਆਨੰਦ ਮਿਲਦਾ ਹੈ। ਪਿਛਲੇ ਸਮੇਂ 'ਚ ਸ਼ਰਤਾਂ ਰੱਖ ਕੇ ਵਾਹੀ ਤੇ ਵਾਢੀ ਕਰਨਾ ਅੱਜ ਤੱਕ ਉਨ੍ਹਾਂ ਨੂੰ ਯਾਦ ਹੈ। https://www.ptcnews.tv/wp-content/uploads/2020/06/460a292feaa366baa5af0eb75d06fa2faa55b04e47fe7732bf4b54ee05834541.jpg ਸਰਦਾਰ ਸੋਹੀ ਦੇ ਦੱਸਣ ਅਨੁਸਾਰ ਐਤਕੀਂ ਉਹ ਝੋਨੇ ਦੀ ਬਿਜਾਈ 'ਚ ਪਿੱਛੇ ਰਹਿ ਗਏ ਹਨ , ਪਰ ਅਗਲੇਰੇ ਸਮੇਂ ਦੌਰਾਨ ਉਹ ਕੋਸ਼ਿਸ਼ ਕਰਨਗੇ ਕਿ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ , ਸਿਰਫ਼ ਇਹੀ ਨਹੀਂ ਉਹ ਬਾਕੀ ਲੋਕਾਂ ਨੂੰ ਵੀ ਪਾਣੀ ਬਚਾਉਣ ਦਾ ਸੁਨੇਹਾ ਦੇਣਗੇ । ਉਨ੍ਹਾਂ ਅਨੁਸਾਰ ਮਿਹਨਤਕਸ਼ ਕਿਸਾਨ ਆਪਣੀ ਪੂਰੀ ਵਾਹ ਲਾ ਕੇ ਫ਼ਸਲਾਂ ਦੀ ਬਿਜਾਈ ਕਰਦੇ ਹਨ, ਪਰ ਅਜਿਹੇ 'ਚ ਸਰਕਾਰਾਂ ਅਨੁਸਾਰ ਫ਼ਸਲਾਂ ਦੇ ਭਾਅ ਨਿਰਧਾਰਿਤ ਕੀਤੇ ਜਾਂਦੇ ਹਨ , ਜਿਸ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਕਰੜੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਉਨ੍ਹਾਂ ਮਜਬੂਰੀਵੱਸ ਖੁਦਕੁਸ਼ੀ ਕਰ ਰਹੇ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਰਸਾਨੀ ਦੀ ਸਥਿਤੀ ਬਾਰੇ ਚਿੰਤਾ ਵੀ ਜ਼ਾਹਿਰ ਕੀਤੀ। ਫਿਲ਼ਮੀ ਦੁਨੀਆਂ 'ਚ ਬਥੇਰੀ ਵਾਹ-ਵਾਹ ਖੱਟ ਚੁੱਕੇ ਸਰਦਾਰ ਸੋਹੀ ਦਾ ਅਦਾਕਾਰੀ ਦੇ ਨਾਲ-ਨਾਲ ਖੇਤੀ ਲਈ ਉਤਸ਼ਾਹਿਤ ਹੋਣਾ ਅਜੋਕੀ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਨਾਦਾਇਕ ਹੈ।

Related Post