ਅੰਮ੍ਰਿਤਸਰ ਵਿਖੇ 16ਵਾਂ ਪਾਈਟੈਕਸ ਦਾ ਆਗਾਜ਼, 10 ਦਸੰਬਰ ਨੂੰ ਦੌਰੇ ’ਤੇ ਆਉਣਗੇ ਸੀਐੱਮ ਮਾਨ

By  Aarti December 8th 2022 06:08 PM

ਮਨਿੰਦਰ ਮੋਂਗਾ (ਅੰਮ੍ਰਿਤਸਰ 8 ਦਸੰਬਰ 2022): ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ 16ਵਾਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰ ਪਾਈਟੈਕਸ ਵਿੱਚ ਭਾਰਤ ਦੇ ਕਈ ਰਾਜਾਂ ਅਤੇ ਵਿਦੇਸ਼ਾਂ ਤੋਂ 450 ਦੇ ਕਰੀਬ ਕਾਰੋਬਾਰੀ ਪਹੁੰਚ ਰਹੇ ਹਨ।

ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਇਸਦੇ ਨੇੜੇ ਦੇ ਜ਼ਿਲ੍ਹਿਆਂ ਦੇ ਲੋਕ ਪਾਈਟੈਕਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਜਿਸ ਤੋਂ ਬਾਅਦ ਇਸਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਇੱਕ ਛੱਤ ਹੇਠ ਵੱਖ-ਵੱਖ ਉਤਪਾਦ ਮਿਲਣਗੇ ਅਤੇ ਉਦਯੋਗ ਦੇ ਖੇਤਰ ਵਿੱਚ ਅੰਮ੍ਰਿਤਸਰ ਦਾ ਗ੍ਰਾਫ ਵੀ ਉੱਚਾ ਹੋਵੇਗਾ। 

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮਾਗਮ ਦੀ ਪੰਜਾਬ ਸਰਕਾਰ ਦੀ ਮੇਜ਼ਬਾਨੀ ਕਰ ਰਹੀ ਹੈ। ਪਾਈਟੈਕਸ ਨੇ ਪਿਛਲੇ 15 ਸਾਲਾਂ ਦੌਰਾਨ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ।

ਦੂਜੇ ਪਾਸੇ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਆਰਐਸ ਸਚਦੇਵਾ ਨੇ ਦੱਸਿਆ ਕਿ  9 ਦਸੰਬਰ ਨੂੰ ਐਮਐਸਐਮਈ ਸੰਮੇਲਨ ਕਰਵਾਇਆ ਜਾਵੇਗਾ, ਜਿਸ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਸਕੱਤਰ ਆਈਏਐਸ ਗੁਰਕੀਰਤ ਕਿਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੰਜਾਬ ਉਦਯੋਗ ਅਤੇ ਵਣਜ ਵਿਭਾਗ ਦੇ ਸਕੱਤਰ ਕਮ ਡਾਇਰੈਕਟਰ, ਆਈ. ਏ. ਐਸ. ਸਿਬਿਨ ਸੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਇਸ ਮੌਕੇ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਹਾਇਕ ਸਕੱਤਰ ਜਨਰਲ ਨਵੀਨ ਸੇਠ ਨੇ ਦੱਸਿਆ ਕਿ ਇਸ ਵਾਰ ਦੇਸ਼ ਭਰ ਤੋਂ 450 ਦੇ ਕਰੀਬ ਕਾਰੋਬਾਰੀ ਪਾਈਟੈਕਸ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਪਾਕਿਸਤਾਨ, ਅਫਗਾਨਿਸਤਾਨ, ਮਿਸਰ, ਈਰਾਨ, ਥਾਈਲੈਂਡ ਅਤੇ ਤੁਰਕੀ ਤੋਂ ਵਪਾਰੀ ਆਪਣੇ ਉਤਪਾਦ ਲੈ ਕੇ ਆਏ ਹਨ। ਭਾਰਤ ’ਚ ਮੱਧ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਉਤਰ ਪ੍ਰਦੇਸ਼, ਦਿੱਲੀ, ਜੰਮੂ-ਕਸ਼ਮੀਰ ਅਤੇ ਝਾਰਖੰਡ ਦੇ ਸੂਬੇ ਭਾਗ ਲੈ ਰਹੇ ਹਨ। 

ਸੇਠ ਨੇ ਦੱਸਿਆ ਕਿ ਪੰਜਾਬ ਦੇ ਕਈ ਨਾਮੀ ਉਦਯੋਗਾਂ ਤੋਂ ਇਲਾਵਾ ਐਮ. ਐਸ. ਐਮ. ਈ., ਟੈਕਸਟਾਈਲ ਮੰਤਰਾਲੇ, ਨਾਬਾਰਡ, ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ, ਜੂਟ ਬੋਰਡ, ਕੇ. ਵੀ. ਆਈ. ਸੀ. ਅਤੇ ਇਨਵੈਸਟ ਪੰਜਾਬ ਸਮੇਤ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਈ ਮੰਤਰਾਲੇ ਸਹਿਯੋਗ ਕਰ ਰਹੇ ਹਨ।

ਇਸ ਮੌਕੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਥਾਨਕ ਕਨਵੀਨਰ ਜੈਦੀਪ ਸਿੰਘ ਨੇ ਦੱਸਿਆ ਕਿ ਪਾਈਟੈਕਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਸਟਾਲ ਬੁੱਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਾਲ 2005 ਵਿੱਚ ਜਦੋਂ ਅੰਮ੍ਰਿਤਸਰ ਵਿੱਚ ਪਾਈਟੈਕਸ ਦੀ ਸ਼ੁਰੂਆਤ ਹੋਈ ਸੀ ਤਾਂ ਇਸ ਵਿੱਚ 150 ਦੇ ਕਰੀਬ ਕਾਰੋਬਾਰੀਆਂ ਨੇ ਹਿੱਸਾ ਲਿਆ ਸੀ ਅਤੇ ਸਿਰਫ਼ 50 ਹਜ਼ਾਰ ਲੋਕ ਹੀ ਇੱਥੇ ਆਏ ਸਨ। ਪਿਛਲੇ ਸਾਲ ਲਗਭਗ 2.5 ਲੱਖ ਲੋਕ ਇੱਥੇ ਆਏ ਸਨ। ਇਸ ਵਾਰ ਇਹ ਗਿਣਤੀ ਵਧਣ ਦੀ ਉਮੀਦ ਹੈ।


Related Post