ਲੰਬੇ ਮੋਰਚਿਆਂ ਦੇ ਤੀਜੇ ਦਿਨ ਸ਼ਰਧਾ ਨਾਲ ਮਨਾਇਆ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ

By  Jasmeet Singh November 28th 2022 04:10 PM

ਮਨਿੰਦਰ ਸਿੰਘ ਮੋਂਗਾ, 28 ਨਵੰਬਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ, ਪੰਜਾਬ ਵੱਲੋਂ ਡੀਸੀ ਦਫਤਰਾਂ 'ਤੇ 26 ਨਵੰਬਰ ਤੋਂ ਸ਼ੁਰੂ ਕੀਤੇ ਗਏ ਲੰਬੇ ਸਮੇਂ ਦੇ ਮੋਰਚਿਆਂ ਦੇ ਤੀਸਰੇ ਦਿਨ ਗੁਰੂ ਤੇਗ਼ ਬਹਾਦਰ ਜੀ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਤੇ ਕੀਰਤਨ ਦਰਬਾਰ ਕਰਵਾਏ ਗਏ। ਇੱਕ ਘੰਟੇ ਤੱਕ ਚਲੇ ਧਾਰਮਿਕ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲੜਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਮਿਸਾਲ ਪੈਦਾ ਕੀਤੀ ਸੀ ਅੱਜ ਸਭ ਨੂੰ ਉਨ੍ਹਾਂ ਵੱਲੋਂ ਦਿੱਤੇ ਮਾਨਵਤਾ ਦੇ ਸੰਦੇਸ਼ 'ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਅਤੇ ਜਥੇਬੰਦੀ ਉਨ੍ਹਾਂ ਦੇ ਇਸ ਸੰਦੇਸ਼ ਤੋਂ ਸਿੱਖਿਆ ਲੈਂਦੇ ਹੋਏ ਲੋਕਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਲੜਾਈ ਲੜਨ ਲਈ ਜਤਨਸ਼ੀਲ ਹੈ। 

ਮੋਰਚੇ ਵਿੱਚ ਮੌਜੂਦ ਕਿਸਾਨ ਮਜ਼ਦੂਰ ਅਤੇ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਤਹਿਸੀਲ ਕੰਪਲੈਕਸ ਦੀਆਂ ਬਿਲਡਿੰਗਾਂ ਦੀ ਹਾਲਤ ਸੁਧਾਰਨ 'ਤੇ ਪੈਸਾ‌‌ ਲਾਉਣ ਦਾ ਫੈਸਲਾ ਕਰ ਰਹੀ ਹੈ ਜਦ ਕਿ ਲੋਕਾਂ ਦੀਆਂ ਦਫਤਰਾਂ ਨਾਲ ਸਬੰਧਤ ਮੁਸ਼ਕਲਾਂ ਓਵੇਂ ਦੀਆਂ ਓਵੇਂ ਬਣੀਆਂ ਹੋਈਆਂ ਹਨ‌, ਲੋਕ‌ ਖ਼ਜਲ ਖੁਆਰ ਹੋ ਰਹੇ ਹਨ, ਸਰਕਾਰ ਨੂੰ ਚਾਹੀਦਾ ਕਿ ਪਹਿਲਾਂ ਇਸ ਤੇ ਕਾਬੂ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਜਿੰਮੇਵਾਰ ਚਿਹਰੇ ਗੁਜਰਾਤ ਅਤੇ ਹੋਰ ਸਟੇਟਾਂ ਦੀਆਂ ਚੋਣਾਂ ਵਿੱਚ ਕੂੜ ਪ੍ਰਚਾਰ ਵਿੱਚ ਲੱਗੇ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕ‌ ਲੈਣ ਲਈ ਸੰਘਰਸ਼‌ ਕਰਨਾ ਪੈ‌ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਪ੍ਰਾਈਵੇਟ ਸੈਕਟਰ ਦੀਆਂ ਸਿਫਤਾਂ ਦੇ ਪੁਲ ਬੰਨ੍ਹਣ 'ਤੇ ਕਿਹਾ ਕਿ ਇੱਕ ਮੰਤਰੀ ਦਾ ਇਹ ਬਿਆਨ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਅਤੇ ਪਬਲਿਕ ਸੈਕਟਰ ਨੂੰ ਕਮਜ਼ੋਰ‌ ਤੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨ ਵਾਲਾ ਹੈ‌ ਤੇ ਜਥੇਬੰਦੀ ਉਨ੍ਹਾਂ ਦੇ ਇਸ ਬਿਆਨ ਦੀ ਨਿੰਦਾ ਕਰਦੀ ਹੈ। 

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਮਾਨ ਸਰਕਾਰ ਦੇ ਖਿਲਾਫ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ‌। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਮੋਰਚੇ ਨੂੰ ਲੈ ਕੇ ਉਤਸ਼ਾਹ‌ ਹਰ ਦਿਨ ਵੱਧ ਰਿਹਾ ਹੈ‌ ਅਤੇ ਹੱਕੀ ਮੰਗਾਂ ਪੂਰੀਆਂ ਹੋਣ ਤੱਕ ਮੋਰਚਾ ਲਗਾਤਾਰ ਜਾਰੀ ਰਹੇਗਾ। ਅੱਜ ਦੇ ਮੋਰਚੇ ਵਿੱਚ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਬਾਜ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲਾ, ਅਮਰਬੀਰ ਸਿੰਘ ਗੋਪੀ, ਬਲਦੇਵ ਸਿੰਘ ਬੱਗਾ, ਕੁਲਜੀਤ ਸਿੰਘ ਘਣੂਪੁਰ, ਸਵਿੰਦਰ ਸਿੰਘ ਰੂਪੋਵਾਲੀ, ਕੰਵਰਦਲੀਪ ਸੈਦੋਲੇਹਲ, ਅੰਗਰੇਜ਼ ਸਿੰਘ, ਸੁਖਜਿੰਦਰ ਸਿੰਘ,‌ ਪ੍ਰਭਜੋਤ ਸਿੰਘ, ਗੁਰਦੇਵ ਸਿੰਘ ਗੱਗੋ ਮਾਹਲ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ, ਜੋਗਾ ਸਿੰਘ‌ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ।

Related Post