ਸੰਘਣੀ ਧੁੰਦ ਦਾ ਕਹਿਰ: ਸਕਾਰਪਿਓ ਅਤੇ ਐਕਟਿਵਾ ਵਿਚਾਲੇ ਹੋਈ ਭਿਆਨਕ ਟੱਕਰ, ਦੋ ਦੀ ਮੌਤ 5 ਜ਼ਖਮੀ

ਪਟਿਆਲਾ ਜਿਲ੍ਹੇ ਚ ਬਾਸਮਾ ਨੇੜੇ ਸੰਘਣੀ ਧੁੰਦ ਕਾਰਨ ਸਕਾਰਪਿਓ ਅਤੇ ਐਕਟਿਵਾ ਦਰਮਿਆਨ ਭਿਆਨਕ ਟੱਕਰ ਹੋ ਗਈ। ਹਾਦਸੇ ’ਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਬੱਚਿਆਂ ਸਣੇ 5 ਵਿਅਕਤੀ ਜ਼ਖਮੀ ਹੋ ਗਏ ਹਨ।

By  Aarti January 9th 2023 04:46 PM

ਗਗਨਦੀਪ ਅਹੁਜਾ (ਪਟਿਆਲਾ,9 ਜਨਵਰੀ): ਪੂਰੇ ਉੱਤਰ ਭਾਰਤ ’ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਸੰਘਣੀ ਧੁੰਦ ਕਾਰਨ ਸੜਕੀ ਹਾਦਸਿਆਂ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਤਾਜ਼ਾ ਮਾਮਲਾ ਪਟਿਆਲਾ ਜਿਲ੍ਹੇ ਚ ਬਨੂੜ ਸ਼ੰਭੂ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਬਾਸਮਾ ਨੇੜੇ ਸੰਘਣੀ ਧੁੰਦ ਕਾਰਨ ਸਕਾਰਪਿਓ ਅਤੇ ਐਕਟਿਵਾ ਦਰਮਿਆਨ ਭਿਆਨਕ ਟੱਕਰ ਹੋ ਗਈ। ਹਾਦਸੇ ’ਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਬੱਚਿਆਂ ਸਣੇ 5 ਵਿਅਕਤੀ ਜ਼ਖਮੀ ਹੋ ਗਏ ਹਨ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ। 

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ 7 ਵਜੇ ਦੇ ਕਰੀਬ ਬਨੂੜ ਦਾ ਰਹਿਣਵਾਲਾ ਗੁਰਬਖਸ਼ ਸਿੰਘ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਅੰਬਾਲਾ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਮੱਥਾ ਟੇਕ ਕੇ ਬਨੂੜ ਨੂੰ ਵਾਪਸ ਆ ਰਿਹਾ ਸੀ। ਜਦੋਂ ਉਹ ਬਾਸਮਾਂ ਸਥਿਤ ਸਿਗਮਾ ਫੈਕਟਰੀ ਨੇੜੇ ਪਹੁੰਚਿਆ ਤਾਂ ਸੰਘਣੀ ਧੁੰਦ ਕਾਰਨ ਬਨੂੜ ਵੱਲ ਤੋਂ ਆ ਰਹੀ ਸਕਾਰਪਿਓ ਸਵਾਰਾਂ ਨੂੰ ਐਕਟਿਵਾ ਵਿਖਾਈ ਨਾ ਦਿੱਤੀ ਅਤੇ ਉਹ ਉਸ ਨਾਲ ਟਕਰਾ ਕੇ ਦਰੱਖਤ ਨਾਲ ਜਾ ਵੱਜੀ। ਇਸ ਹਾਦਸੇ ਵਿੱਚ ਦੋਨੋਂ ਵਾਹਨ ਚਕਨਾਚੂਰ ਹੋ ਗਏ। ਦਰੱਖਤ ਨਾਲ ਟਕਰਾਈ ਸਕਾਰਪਿਓ ਵਿਚੋਂ ਲੰਬੀ ਜਦੋ ਜਹਿਦ ਤੋਂ ਬਾਅਦ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।

ਮੌਕੇ ’ਤੇ ਜ਼ਖਮੀ ਮਹਿਲਾਵਾਂ ਨੇ ਦੱਸਿਆ ਕਿ ਛੁੱਟੀਆਂ ਦੇ ਚੱਲਦੇ ਉਹ ਫਰੀਦਾਬਾਦ ਤੋਂ ਘੁੰਮਣ ਲਈ ਹਿਮਾਚਲ ਗਏ ਹੋਏ ਸਨ ਅਤੇ ਮੁਹਾਲੀ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਕੁਝ ਸਮਾਂ ਰੁਕਣ ਤੋਂ ਬਾਅਦ ਵਾਪਸ ਫਰੀਦਾਬਾਦ ਜਾ ਰਹੇ ਸੀ। ਪਰ ਰਸਤੇ ’ਚ ਇਹ ਹਾਦਸਾ ਵਾਪਰ ਗਿਆ। 

ਫਿਲਹਾਲ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਤੋਂ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਿਆ ਹੈ। 

ਇਹ ਵੀ ਪੜ੍ਹੋ: ਹੱਕੀ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ’ ਤੇ ਚੜੇ 168 ਡੀਪੀਈ ਉਮੀਦਵਾਰ

Related Post