
Farmers Protest: ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਟਿੱਕਰੀ ਸਰਹੱਦ ਤੋਂ ਬਾਅਦ ਹੁਣ ਗਾਜ਼ੀਪੁਰ ਸਰਹੱਦ ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਬੈਰੀਕੇਡ ਹਟਾਏ ਜਾਣ ਤੋਂ ਬਾਅਦ ਗਾਜ਼ੀਆਬਾਦ ਤੋਂ ਦਿੱਲੀ ਤੱਕ ਸੜਕ ਖੁੱਲ੍ਹ ਸਕਦੀ ਹੈ। ਇਸ ਦੇ ਚਲਦੇ ਗਾਜ਼ੀਪੁਰ ਸਰਹੱਦ ਤੋਂ ਬੈਰੀਕੇਡ ਹਟਾਉਣ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ।
ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਹੁਣ ਸਿਰਫ਼ ਦਿਖਾਵੇ ਵਾਲੇ ਬੈਰੀਕੇਡ ਹੀ ਹਟਾਏ ਗਏ ਹਨ, ਜਲਦੀ ਹੀ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵੀ ਹਟਾ ਦਿੱਤੇ ਜਾਣਗੇ।ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਬੰਦ ਪਈਆਂ ਸੜਕਾਂ ਹੁਣ ਜਲਦੀ ਹੀ ਖੁੱਲ੍ਹਣ ਦੀ ਉਮੀਦ ਹੈ। ਟਿੱਕਰੀ ਬਾਰਡਰ ਤੋਂ ਬਾਅਦ ਹੁਣ ਦਿੱਲੀ ਪੁਲਿਸ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣ ਦਾ ਕੰਮ ਕਰ ਰਹੀ ਹੈ।
ਦੱਸ ਦਈਏ ਕਿ ਹਾਲ ਹੀ 'ਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਕਿਵੇਂ ਪ੍ਰਦਰਸ਼ਨਕਾਰੀਆਂ ਨੇ ਇਲਾਕੇ 'ਚ ਆਵਾਜਾਈ ਰੋਕੀ ਹੈ। ਜਦੋਂ ਕਿਸਾਨ ਕੇਂਦਰ ਸਰਕਾਰ ਕੋਲ ਪਾਸ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਪਿਛਲੇ ਸਾਲ ਨਵੰਬਰ ਵਿੱਚ ਰਾਜਧਾਨੀ ਦੀਆਂ ਸਰਹੱਦਾਂ 'ਤੇ ਇਕੱਠੇ ਹੋਏ ਸੀ, ਤਾਂ ਪੁਲਿਸ ਨੇ ਸੜਕਾਂ 'ਤੇ ਵੱਡੀਆਂ ਕਿੱਲਾਂ ਅਤੇ ਕੰਕਰੀਟ ਦੇ ਵੱਡੇ ਬਲਾਕ ਲਗਾ ਕੇ ਬੈਰੀਕੇਡ ਲਗਾ ਦਿੱਤੇ ਸੀ। ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ, ਪਰ ਉਹ ਅਣਮਿੱਥੇ ਸਮੇਂ ਲਈ ਸੜਕਾਂ ਨਹੀਂ ਰੋਕ ਸਕਦੇ। ਹਾਲਾਂਕਿ, ਕਿਸਾਨਾਂ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੇ ਬੈਰੀਕੇਡ ਲਗਾ ਦਿੱਤੇ ਹਨ।
-PTC News