Amritsar News : ਅੰਮ੍ਰਿਤਸਰ 'ਚ ਪੁਲਿਸ ਅਤੇ ਬਦਮਾਸ਼ ਵਿਚਾਲੇ ਐਨਕਾਊਂਟਰ, ਇੱਕ ਜ਼ਖਮੀ ਅਤੇ 2 ਬਦਮਾਸ਼ ਗ੍ਰਿਫ਼ਤਾਰ ,ਡਰੱਗ ਮਨੀ ਅਤੇ 3 ਪਿਸਤੌਲਾਂ ਸਮੇਤ ਕਾਰ ਬਰਾਮਦ
Amritsar News : ਅੰਮ੍ਰਿਤਸਰ ਵਿੱਚ ਹਥਿਆਰ ਤਸਕਰਾਂ ਅਤੇ ਪੁਲਿਸ ਵਿਚਕਾਰ ਮੁੱਠਭੇੜ ਹੋ ਗਈ ਹੈ। ਜਿਸ ਵਿੱਚ ਇੱਕ ਹਥਿਆਰ ਤਸਕਰ ਜ਼ਖਮੀ ਹੋ ਗਿਆ, ਜਦੋਂ ਕਿ ਪੁਲਿਸ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਹੀ। ਪੁਲਿਸ ਨੇ ਮੁਲਜ਼ਮਾਂ ਤੋਂ ਤਿੰਨ ਪਿਸਤੌਲ, ਦੋ ਜ਼ਿੰਦਾ ਕਾਰਤੂਸ, 70 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਹੈ।
ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਥਾਣਾ ਘਰਿੰਡਾ ਖੇਤਰ ਵਿੱਚ ਨਾਕਾਬੰਦੀ ਕਰਕੇ ਇੱਕ ਸ਼ੱਕੀ ਕਾਰ ਨੂੰ ਰੋਕਿਆ। ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ - ਤਰਸੇਮ ਸਿੰਘ, ਅਮਰਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਨਕਦੀ ਮਿਲੀ। ਪੁਲਿਸ ਨੇ 2 ਪਿਸਤੌਲ 9 ਐਮਐਮ,1 ਦੇਸੀ ਪਿਸਤੌਲ,2 ਜ਼ਿੰਦਾ ਕਾਰਤੂਸ,70,000 ਰੁਪਏ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਹੈ।
ਪੁਲਿਸ ਪੁੱਛਗਿੱਛ ਤੋਂ ਬਾਅਦ ਜਦੋਂ ਆਰੋਪੀ ਤਰਸੇਮ ਸਿੰਘ ਨੂੰ ਹੋਰ ਹਥਿਆਰਾਂ ਦੀ ਬਰਾਮਦਗੀ ਲਈ ਗੰਦਾ ਨਾਲਾ ਭਕਨਾ ਖੇਤਰ ਵਿੱਚ ਲਿਜਾਇਆ ਗਿਆ। ਜਿੱਥੇ ਆਰੋਪੀ ਨੇ ਹਥਿਆਰ ਬਰਾਮਦ ਕਰਨ ਦੇ ਬਹਾਨੇ ਉੱਥੇ ਲੁਕਾਏ ਪਿਸਤੌਲ ਤੋਂ ਫਾਇਰਿੰਗ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਆਰੋਪੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ ਤਿੰਨ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਮਾਰਚ 2025 ਤੋਂ ਹੁਣ ਤੱਕ ਤਸਕਰਾਂ ਵਿਰੁੱਧ 402 ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਤੋਂ 106 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ। ਇਸ ਦੌਰਾਨ 1.80 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਨੂੰ ਜੜ੍ਹੋਂ ਪੁੱਟਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਐਨਕਾਊਂਟਰ ਕਾਰਵਾਈ ਇਸ ਗੱਲ ਦਾ ਸਬੂਤ ਹੈ ਕਿ ਕੋਈ ਵੀ ਅਪਰਾਧੀ ਕਾਨੂੰਨ ਤੋਂ ਬਚ ਨਹੀਂ ਸਕੇਗਾ।
- PTC NEWS