Gurdas Maan's brother death : ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡਾ ਸਦਮਾ, ਛੋਟੇ ਭਰਾ ਗੁਰਪੰਥ ਮਾਨ ਦਾ ਹੋਇਆ ਦੇਹਾਂਤ
Gurdas Maan's brother death : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਸੋਮਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ। 68 ਸਾਲਾ ਗੁਰਪੰਥ ਮਾਨ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਆਂਦਾ ਗਿਆ।
ਗਿੱਦੜਬਾਹਾ ਸ਼ਹਿਰ ਦੇ ਵਸਨੀਕ 68 ਸਾਲਾ ਗੁਰਪੰਥ ਇੱਕ ਕਮਿਸ਼ਨ ਏਜੰਟ ਅਤੇ ਕਿਸਾਨ ਸਨ। ਉਹ ਲਗਭਗ ਦੋ ਮਹੀਨਿਆਂ ਤੋਂ ਮੁਹਾਲੀ ਦੇ ਇੱਕ ਮਲਟੀ-ਸਪੈਸ਼ਲਿਟੀ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਉਨ੍ਹਾਂ ਦੇ ਚਚੇਰੇ ਭਰਾ ਐਡਵੋਕੇਟ ਗੁਰਮੀਤ ਮਾਨ ਦੇ ਦੱਸਣ ਅਨੁਸਾਰ ਗੁਰਪੰਥ ਦੀ ਹਾਲਤ ਵਿੱਚ ਸੁਧਾਰ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਸੀ ਪਰ ਬੀਤੀ ਸ਼ਾਮ ਉਨ੍ਹਾਂ ਦੀ ਬਿਮਾਰੀ ਕਾਰਨ ਮੌਤ ਹੋ ਗਈ।
ਗੁਰਪੰਥ ਮਾਨ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਧੀ ਛੱਡ ਗਏ ਹਨ। ਉਨ੍ਹਾਂ ਦੇ ਦੋਵੇਂ ਬੱਚੇ ਵਿਦੇਸ਼ ਵਿੱਚ ਵੱਸਦੇ ਹਨ। ਗੁਰਪੰਥ ਮਾਨ, ਵੱਡੇ ਭਰਾ ਗੁਰਦਾਸ ਅਤੇ ਉਨ੍ਹਾਂ ਦੀ ਭੈਣ ਦੇ ਵਿਚਕਾਰਲੇ ਭਰਾ ਸਨ। ।
ਚੰਡੀਗੜ੍ਹ ਵਿੱਚ ਕੀਤਾ ਜਾਵੇਗਾ ਅੰਤਿਮ ਸਸਕਾਰ
ਇੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਪੰਥ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਕੀਤਾ ਜਾਵੇਗਾ। ਗੁਰਪੰਥ ਮਾਨ ਆਪਣੀ ਪਤਨੀ ਨਾਲ ਗਿੱਦੜਬਾਹਾ ਮੁਕਤਸਰ ਸਾਹਿਬ ਵਿੱਚ ਰਹਿੰਦੇ ਸਨ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਅਤੇ ਸਥਾਨਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗੁਰਦਾਸ ਮਾਨ ਦੇ ਤਿੰਨ ਭੈਣ-ਭਰਾ ਹਨ। ਗੁਰਪੰਥ ਮਾਨ ਦੀ ਮੌਤ ਕਾਰਨ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।
- PTC NEWS