Punjab Debt : ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ 'ਆਪ' ਸਰਕਾਰ 'ਤੇ ਚੁੱਕੇ ਸਵਾਲ, ਕਿਹਾ- 'ਆਪ' ਹੁਣ ਤੱਕ ਦੀ ਸਭ ਤੋਂ ਕਰਜ਼ਦਾਰ ਸਰਕਾਰ ਬਣੀ, ਫਿਰ ਲਿਆ 1000 ਕਰੋੜ ਦਾ ਕਰਜ਼ਾ
Punjab Debt : ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕ ਲਿਆ ਹੈ, ਜਿਸ ਨਾਲ ਪੰਜਾਬ ਸਿਰ ਕਰਜ਼ੇ ਦੀ ਪੰਡ 4 ਲੱਖ ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ 'ਆਪ' ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਕਰਜ਼ਾਈ ਸਰਕਾਰ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਪਿਛਲੇ ਮਹੀਨੇ ਭਗਵੰਤ ਮਾਨ ਸਰਕਾਰ ਨੇ ਲਗਭਗ ਇੱਕ ਹਜ਼ਾਰ ਕਰੋੜ ਰੁਪਏ ਦਾ ਇੱਕ ਹੋਰ ਕਰਜ਼ਾ ਲਿਆ ਹੈ।
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ- ਪਿਛਲੇ ਮਹੀਨੇ ਹੀ ਭਗਵੰਤ ਮਾਨ ਸਰਕਾਰ ਨੇ 2046 ਤੱਕ ਚੁਕਾਉਣ ਲਈ 1,000 ਕਰੋੜ ਰੁਪਏ ਦਾ ਇੱਕ ਹੋਰ ਕਰਜ਼ਾ ਲਿਆ ਹੈ। ਅਰਵਿੰਦ ਕੇਜਰੀਵਾਲ ਦਾ ਗਾਰੰਟੀਸ਼ੁਦਾ ਸਰਪਲੱਸ ਮਾਡਲ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਕਰਜ਼ਾਈ ਸਰਕਾਰ ਬਣ ਗਈ ਹੈ। ਖਜ਼ਾਨਾ ਖਾਲੀ ਕਰਨ ਤੋਂ ਲੈ ਕੇ ਰਾਜ ਸਭਾ ਸੀਟਾਂ 'ਤੇ ਕਬਜ਼ਾ ਕਰਨ ਤੱਕ ਲੁੱਟ-ਖਸੁੱਟ ਚੱਲ ਰਹੀ ਹੈ। ਆਰਥਿਕ ਸੰਕਟ ਮੰਡਰਾ ਰਿਹਾ ਹੈ।
ਪੰਜਾਬ ਸਰਕਾਰ 'ਤੇ ਦਿੱਲੀ ਤੋਂ ਲੋਕਾਂ ਨੂੰ ਭਰਤੀ ਕਰਨ ਦੇ ਲਗਾਏ ਸਨ ਆਰੋਪ
ਦੱਸ ਦੇਈਏ ਕਿ ਪਹਿਲਾਂ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਦਿੱਲੀ ਚੋਣਾਂ ਹਾਰਨ ਤੋਂ ਬਾਅਦ ਕੇਜਰੀਵਾਲ ਦੀ ਟੀਮ ਨੂੰ ਲਗਾਤਾਰ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਫਿੱਟ ਕੀਤਾ ਜਾ ਰਿਹਾ ਹੈ। ਅਪ੍ਰੈਲ ਵਿੱਚ ਪੰਜਾਬ ਸਰਕਾਰ ਦੀ ਏਜੰਸੀ PUNMEDIA ਤੋਂ ਪੰਜਾਬੀ ਮੁੰਡੇ-ਕੁੜੀਆਂ ਨੂੰ ਕੱਢ ਦਿੱਤਾ ਗਿਆ ਸੀ। ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਹੁਣ ਪੰਜਾਬ ਸਰਕਾਰ ਦੀ ਇਸ ਮੀਡੀਆ ਏਜੰਸੀ ਵਿੱਚ ਦਿੱਲੀ ਤੋਂ 120 ਤੋਂ ਵੱਧ ਲੋਕਾਂ ਨੂੰ ਭਰਤੀ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੌਕਰੀਆਂ ਵੰਡ ਰਹੇ ਹਨ ਪਰ ਕੇਜਰੀਵਾਲ ਦੇ ਖਾਸ ਲੋਕਾਂ ਨੂੰ। ਅੰਤ ਵਿੱਚ ਪ੍ਰਗਟ ਸਿੰਘ ਨੇ ਲਿਖਿਆ - ਯੁੱਧ ਦਿੱਲੀ ਦੇ ਵਿਰੁੱਧ।
- PTC NEWS