COVID-19 : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਇਸ ਸੂਬੇ ਨੇ ਬਾਰਡਰ ਕੀਤੇ ਸੀਲ

By  Shanker Badra June 10th 2020 01:35 PM

COVID-19 : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਇਸ ਸੂਬੇ ਨੇ ਬਾਰਡਰ ਕੀਤੇ ਸੀਲ:ਜੈਪੁਰ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਰਾਜਸਥਾਨ ਸਰਕਾਰ ਨੇ ਬਾਰਡਰ ਸੀਲ ਕਰਨ ਦਾ ਫੈਸਲਾ ਕੀਤਾ ਹੈ। ਗ੍ਰਹਿ ਵਿਭਾਗ ਵਲੋਂ ਜਾਰੀ ਆਦੇਸ਼ ਵਿਚ ਕਿਹਾ ਗਿਆ ਹੈ ਕਿ 7 ਦਿਨਾਂ ਲਈ ਬਾਰਡਰ ਸੀਲ ਰਹਿਣਗੇ। ਅੱਜ ਰਾਜਸਥਾਨ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਸੂਬੇ ਦੀਆਂ ਸਾਰੀ ਜਾਂ ਅੰਤਰ ਰਾਜੀ ਹੱਦਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਹਨ। ਰਾਜਸਥਾਨ ਪੁਲਿਸ ਦੇ ਮੁਖੀ ਨੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਭੇਜੇ ਗਏ ਹੁਕਮਾਂ 'ਚ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਰੋਕਥਾਮ ਲਈ ਰਾਜਸਥਾਨ ਦੀਆਂ ਸਾਰੀਆਂ ਅੰਤਰ ਰਾਜੀ ਹੱਦਾਂ ਨੂੰ ਸੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਗਲੇ 7 ਦਿਨਾਂ ਲਈ ਬਿਨਾਂ ਕਿਸੇ ਪਾਸ ਤੋਂ ਨਾ ਕਿਸੇ ਨੂੰ ਬਾਹਰ ਜਾਣ ਦਿੱਤਾ ਜਾਵੇ ਅਤੇ ਨਾ ਹੀ ਕਿਸੇ ਨੂੰ ਸੂਬੇ 'ਚ ਆਉਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਇਸ ਦੌਰਾਨ ਸੂਬੇ 'ਚ ਆਉਣ ਅਤੇ ਜਾਣ ਲਈ ਪਾਸ ਸਿਰਫ਼ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਹੀ ਜਾਰੀ ਕੀਤੇ ਜਾਣਗੇ। ਇਸ ਆਦੇਸ਼ ਦੇ ਬਾਅਦ ਸਵੇਰੇ ਸਾਰੇ ਸਰਹੱਦਾਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਡੂੰਗਰਪੁਰ ਜ਼ਿਲੇ ਵਿਚ ਗੁਜਰਾਤ ਦੀ ਸਰਹੱਦ 'ਤੇ ਸਥਿਤ ਰਤਨਪੁਰ ਸਰਹੱਦ ਨੂੰ ਸੀਲ ਕਰਨ ਤੋਂ ਬਾਅਦ ਪੁਲਿਸ ਨੂੰ ਉਥੇ ਤਾਇਨਾਤ ਕੀਤਾ ਗਿਆ ਹੈ। ਹੁਣ ਸਿਰਫ ਮੈਡੀਕਲ ਐਮਰਜੈਂਸੀ ਅਤੇ ਪਾਸ ਵਾਲੇ ਹੀ ਰਾਜ ਵਿੱਚ ਦਾਖਲ ਹੋਣਗੇ। ਗੰਗਾਨਗਰ ਜ਼ਿਲ੍ਹੇ ਵਿੱਚ ਪੰਜਾਬ ਰਾਜ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਅਚਾਨਕ ਸਰਹੱਦ ਸੀਲ ਕਰਨ ਤੋਂ ਬਾਅਦ ਦੋਵਾਂ ਪਾਸੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTCNews

Related Post