ਅਕਾਲੀ ਦਲ ਵੱਲੋਂ ਸਕੂਲ ਬੋਰਡ ਦੀ 12ਵੀ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਗਾਇਬ ਕਰਨ ਦੀ ਨਿਖੇਧੀ

By  Joshi April 28th 2018 06:56 PM

ਅਕਾਲੀ ਦਲ ਵੱਲੋਂ ਸਕੂਲ ਬੋਰਡ ਦੀ 12ਵੀ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਗਾਇਬ ਕਰਨ ਦੀ ਨਿਖੇਧੀ

ਡਾਕਟਰ ਚੀਮਾ ਨੇ ਜਾਂਚ ਦੀ ਮੰਗ ਕੀਤੀ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਮੁੱਖ ਮੰਤਰੀ ਨੂੰ ਚਿੱਠੀ ਲਿਖੀ

ਚੰਡੀਗੜ੍ਹ/28 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਗੁਰੂਆਂ ਅਤੇ ਪੰਜਾਬ ਦੇ ਇਤਿਹਾਸ ਨਾਲ ਸੰਬੰਧਤ ਕੁੱਝ ਚੈਪਟਰਾਂ ਨੂੰ ਗਾਇਬ ਕਰਨ ਲਈ ਇੱਕ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸੰਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਣ ਵਾਲੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸੂਬੇ ਦੇ ਆਪਣੇ ਸਕੂਲ ਬੋਰਡ ਨੇ ਪੰਜਾਬ ਦਾ ਇਤਿਹਾਸ ਰਚਣ ਵਾਲਿਆਂ ਨੂੰ ਹੀ ਪੰਜਾਬ ਦੀਆਂ ਇਤਿਹਾਸ ਦੀ ਕਿਤਾਬਾਂ ਵਿਚੋਂ ਹੀ ਬਾਹਰ ਕੱਢ ਦਿੱਤਾ ਹੈ।

ਇਸ ਮਾਮਲੇ ਵਿਚ ਮੁਕੰਮਲ ਜਾਂਚ ਦੀ ਮੰਗ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ  ਸਿੱਖ ਗੁਰੂਆਂ ਅਤੇ ਪੰਜਾਬ ਦੇ ਸਿੱਖ ਯੋਧਿਆਂ ਬਾਰੇ ਜਾਣਕਾਰੀ ਤੋਂ ਵਾਂਝੇ ਰੱਖਣ ਵਾਸਤੇ ਇਕ ਡੂੰਘੀ ਸਾਜ਼ਿਸ਼ ਘੜੀ ਗਈ ਲੱਗਦੀ ਹੈ। ਉਹਨਾਂ ਕਿਹਾ ਕਿ 12ਵੀਂ ਕਲਾਸ ਦੀ ਨਵੀ ਇਤਿਹਾਸ ਦੀ ਕਿਤਾਬ ਦੀ ਛਪਾਈ ਅਤੇ ਵੰਡ ਉੱਤੇ ਤੁਰੰਤ ਰੋਕ ਲਾ ਦੇਣੀ ਚਾਹੀਦੀ ਹੈ।

ਇਸ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ 12ਵੀਂ ਕਲਾਸ ਦੀ ਇਤਿਹਾਸ ਦੀ ਪੁਰਾਣੀ ਕਿਤਾਬ ਵਿਚ ਸਿੱਖ ਗੁਰੂਆਂ, ਸਿੱਖ ਯੋਧਿਆਂ ਅਤੇ ਪੰਜਾਬ ਦੇ ਅਹਿਮ ਇਤਿਹਾਸਕ ਪੱਖਾਂ ਬਾਰੇ ਜਾਣਕਾਰੀ ਦੇਣ ਵਾਲੇ 23 ਚੈਪਟਰ ਸਨ। ਉਹਨਾਂ ਕਿਹਾ ਕਿ ਨਵੀਂ ਕਿਤਾਬ ਵਿਚੋਂ ਇਹਨਾਂ ਸਾਰੇ ਚੈਪਟਰਾਂ ਨੂੰ ਹਟਾ ਕੇ ਸਿੱਖਾਂ ਦੇ ਸ਼ਾਨਾਂਮੱਤੇ ਇਤਿਹਾਸ ਬਾਰੇ ਮਹਿਜ਼ ਅੱਧੇ ਪੰਨੇ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਗੱਲ ਨਾ ਬਰਦਾਸ਼ਤਯੋਗ ਹੈ, ਕਿਉਂਕਿ ਦੇਸ਼ ਦੇ ਇਤਿਹਾਸ ਵਿਚ ਸਿੱਖ ਗੁਰੂਆਂ ਦੇ ਯੋਗਦਾਨ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਦਿਆਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਣ ਦੇ ਤੁੱਲ ਹੈ। ਉਹਨਾਂ ਕਿਹਾ ਕਿ ਨਵੀਂ ਕਿਤਾਬ ਵਿਚ ਸੁਤੰਤਰਤਾ ਅੰਦੋਲਨ ਵਿਚ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਿਚ ਪੰਜਾਬੀਆਂ ਦੁਆਰਾ ਨਿਭਾਈ ਗਈ ਵੱਡੀ ਭੁਮਿਕਾ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਨਾਲ ਬੇਇਨਸਾਫੀ ਕੀਤੀ ਗਈ ਹੈ।

ਸਾਬਕਾ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਨੂੰ ਮਾਹਿਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਬਣਾਉਣ ਦੀ ਵੀ ਸਿਫਾਰਿਸ਼ ਕੀਤੀ, ਜਿਹੜੀ ਸਕੂਲ ਬੋਰਡ ਦੀਆਂ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਵਿਚ ਕੋਈ ਵੀ ਤਬਦੀਲੀ ਕੀਤੇ ਜਾਣ ਮੌਕੇ ਢੁੱਕਵੇਂ ਸੁਝਾਅ ਦੇਵੇ ਤਾਂ ਕਿ ਭਵਿੱਖ ਵਿਚ  ਦੁਬਾਰਾ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।

—PTC News

Related Post