ਸ਼੍ਰੋਮਣੀ ਅਕਾਲੀ ਦਲ ਵੱਲੋਂ ਝੋਨਾ ਲਗਾਉਣ ਦੇ ਮੁੱਦੇ 'ਤੇ ਕਿਸਾਨਾਂ ਨਾਲ ਖੜਨ ਦਾ ਫੈਸਲਾ

By  Shanker Badra June 14th 2018 05:30 PM

ਸ਼੍ਰੋਮਣੀ ਅਕਾਲੀ ਦਲ ਵੱਲੋਂ ਝੋਨਾ ਲਗਾਉਣ ਦੇ ਮੁੱਦੇ 'ਤੇ ਕਿਸਾਨਾਂ ਨਾਲ ਖੜਨ ਦਾ ਫੈਸਲਾ:ਝੋਨਾ ਲਾਉਣ ਦੇ ਮੁੱਦੇ 'ਤੇ ਪੰਜਾਬ ਸਰਕਾਰ ਤੇ ਕਿਸਾਨ ਆਹਮਣੇ-ਸਾਹਮਣੇ ਹੋ ਗਏ ਹਨ।ਪੰਜਾਬ ਸਰਕਾਰ ਕਿਸਾਨਾਂ ਨੂੰ ਚਿਤਾਵਨੀ ਦੇ ਰਹੀ ਹੈ,ਕਿ ਜਿਹੜੇ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ ਲਗਾਉਣਗੇ,ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ 'ਤੇ ਕਿਸਾਨਾਂ ਦੇ ਨਾਲ ਖੜਨ ਦਾ ਫੈਸਲਾ ਕੀਤਾ ਹੈ।

ਸ਼੍ਰੋਮਣੀ ਅਕਾਲੀ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਸਾਨ ਇਸ ਵੇਲੇ ਜੋ ਫੈਸਲਾ ਲੈ ਰਹੇ ਹਨ ਉਹ ਬਿਲਕੁਲ ਠੀਕ ਹੈ।ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਕਿਸਾਨਾਂ ਪ੍ਰਤੀ ਤਾਨਾਸ਼ਾਹੀ ਰਵੀਏ ਦੇ ਖਿਲਾਫ ਉਹ ਕਿਸਾਨਾਂ ਦੇ ਨਾਲ ਖੜਣਗੇ।ਉਹਨਾਂ ਕਿਹਾ ਕਿ ਜੇ ਕਿਸੇ ਕਿਸਾਨ ਨੂੰ ਝੋਨਾ ਲਗਾਉਣ ਸਮੇਂ ਪਰੇਸ਼ਾਨੀ ਆਵੇ ਤਾਂ ਉਹ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਫੋਨ ਕਰਨ ਤੇ ਕਿਸਾਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ।ਇਸ ਵਾਸਤੇ ਜ਼ਿਲ੍ਹਾ ਪੱਧਰ ਤੇ ਚੰਡੀਗੜ੍ਹ ਵਿਖੇ ਫੋਨ ਨੰਬਰ ਵੀ ਜਾਰੀ ਕਰ ਦਿਤੇ ਜਾਣਗੇ,ਜਿਥੇ ਕਿਸਾਨ ਆਪਣੀ ਸਮੱਸਿਆ ਦੱਸ ਸਕਣਗੇ ਤੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਵੇਲੇ ਸਰਕਾਰ ਦੇ ਗਲਤ ਰਵੀਏ ਨਾਲ ਕਿਸਾਨਾਂ ਨੂੰ ਚਾਰੇ ਪਾਸੇ ਮਾਰ ਪੈ ਰਹੀ ਹੈ।ਇੱਕ ਪਾਸੇ ਜੇਕਰ ਕਿਸਾਨ ਲੇਟ ਝੋਨਾ ਲਾਵੇਗਾ ਤਾਂ ਉਸਦਾ ਝਾੜ ਘੱਟ ਜਾਵੇਗਾ।ਇਸ ਦੇ ਨਾਲ ਹੀ ਫਸਲ ਵੱਢਣ ਵੇਲੇ ਉਸ ਵਿਚ ਨਮੀ ਹੋਣ ਕਾਰਨ ਸਰਕਾਰੀ ਏਜੰਸੀਆਂ ਉਨ੍ਹਾਂ ਦੀ ਫਸਲ ਦਾ ਠੀਕ ਮੁੱਲ ਨਹੀਂ ਦੇਣਗੀਆਂ।ਇਸ ਤੋਂ ਇਲਾਵਾਂ ਲੇਟ ਝੋਨਾ ਲਾਉਣ ਨਾਲ ਕਿਸਾਨਾਂ ਨੂੰ ਲੇਬਰ ਵੀ ਮਹਿੰਗੀ ਮਿਲੇਗੀ ਤੇ ਨੁਕਸਾਨ ਸਿੱਧੇ ਤੌਰ 'ਤੇ ਕਿਸਾਨਾਂ ਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਜੇ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਦੀ ਜਿੰਮੇਦਾਰੀ ਚੁੱਕ ਲੈਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦੇਵੇਗਾ।ਇਸ ਵਾਸਤੇ ਸਰਕਾਰ ਭਾਵੇਂ ਉਨ੍ਹਾਂ ਦੇ ਸਾਰੇ ਵਰਕਰਾਂ ਦੇ ਖਿਲਾਫ ਪਰਚੇ ਕਰ ਦੇਵੇ।

-PTCNews

Related Post