ਹਰਦੀਪ ਪੁਰੀ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁੰਡੇ ਬਦਮਾਸ਼ ਕਹਿ ਕੇ ਉਹਨਾਂ ਦਾ ਅਪਮਾਨ ਕੀਤਾ : ਅਕਾਲੀ ਦਲ

By  Shanker Badra October 6th 2020 09:55 AM -- Updated: October 6th 2020 09:59 AM

ਹਰਦੀਪ ਪੁਰੀ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁੰਡੇ ਬਦਮਾਸ਼ ਕਹਿ ਕੇ ਉਹਨਾਂ ਦਾ ਅਪਮਾਨ ਕੀਤਾ : ਅਕਾਲੀ ਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਨੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁੰਡੇ ਤੇ ਬਦਮਾਸ਼ ਕਹਿ ਕੇ ਉਹਨਾਂ ਦਾ ਅਪਮਾਨ ਕੀਤਾ ਹੈ ਤੇ ਪਾਰਟੀ ਨੇ ਉਹਨਾਂ ਨੂੰ ਇਸ ਲਈ ਤੁਰੰਤ ਮੁਆਫੀ ਮੰਗਣ ਲਈ ਕਿਹਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਤੇ ਐਮ.ਪੀ ਸ੍ਰੀ ਬਲਵਿੰਦਰ ਸਿੰਘ ਭੂੰਦੜ ਨੇ ਅਜਿਹਾ ਜਾਪਦਾ ਹੈ ਕਿ ਹਰਦੀਪ ਪੁਰੀ ਨੇ ਆਪਣਾ ਦਿਮਾਗੀ ਤਵਾਜ਼ਨ ਗੁਆ ਲਿਆ ਹੈ ਤੇ ਉਹ ਇੰਨੇ ਜ਼ਿਆਦਾ ਹੰਕਾਰੀ ਹੋ ਗਏ ਹਨ ਕਿ ਉਹਨਾਂ ਨੇ ਸਿਰਫ ਇਸ ਕਰ ਕੇ ਪੰਜਾਬੀਆਂ ਨੂੰ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬੀ ਕਿਸਾਨਾਂ, ਖੇਤ ਮਜ਼ਦਰਾਂ ਤੇ ਆੜ੍ਹਤੀਆਂ ਦੇ ਹੱਕਾਂ ਦੀ ਰਾਖੀ ਲਈ ਉਠ ਖੜ੍ਹੇ ਹੋਏ ਹਨ।

ਸ਼ਰਮਨਾਕ ! ਹਰਦੀਪ ਪੁਰੀ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁੰਡੇ ਬਦਮਾਸ਼ ਕਹਿ ਕੇ ਉਹਨਾਂ ਦਾ ਅਪਮਾਨ ਕੀਤਾ : ਸ਼੍ਰੋਮਣੀ ਅਕਾਲੀ ਦਲ

ਉਹਨਾਂ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਹੈ ਕਿ ਪੁਰੀ, ਜੋ ਆਪ ਇਕ ਪੰਜਾਬੀ ਹਨ, ਖੁਦ ਸਿਰਫ ਸੱਤਾ ਦੀ ਲਾਲਸਾ ਕਾਰਨ ਆਪਣੇ ਹੀ ਲੋਕਾਂ ਦੇ ਖਿਲਾਫ ਹੋ ਗਏ ਹਨ। ਉਹਨਾਂ ਕਿਹਾ ਕਿ ਪੰਜਾਬੀ ਇਸ ਦਗਾਬਾਜ਼ੀ ਨੂੰ ਕਦੇ ਨਹੀਂ ਭੁੱਲਣਗੇ।ਸ੍ਰੀ ਭੂੰਦੜ ਨੇ ਕਿਹਾ ਕਿ ਪੁਰੀ ਦੇ ਆਪਣੇ ਕਾਰਨ ਹੋ ਸਕਦੇ ਹਨ ਜਿਸ ਲਈ ਉਹ ਪੰਜਾਬ ਤੇ ਪੰਜਾਬੀਆਂ ਦੇ ਇਸ ਲਈ ਖਿਲਾਫ ਹੋਏ ਕਿਉਂਕਿ ਉਹ ਅੰਮ੍ਰਿਤਸਰ ਤੋਂ ਪਿਛਲੀਆਂ ਸੰਸਦੀ ਚੋਣਾਂ ਵਿਚ ਹਾਰਨ ਤੋਂ ਬਾਅਦ ਹੁਣ ਆਪਣੇ ਸਿਆਸੀ ਭਵਿੱਖ ਲਈ ਪੂਰੀ ਤਰ੍ਹਾਂ ਐਨ ਡੀ ਏ ਸਰਕਾਰ ’ਤੇ ਨਿਰਭਰ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਰਾਜ ਮੰਤਰੀ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਝੂਠ ਵੀ ਬੋਲਣ ਲੱਗ ਪਏ ਹਨ।

ਸ਼ਰਮਨਾਕ ! ਹਰਦੀਪ ਪੁਰੀ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁੰਡੇ ਬਦਮਾਸ਼ ਕਹਿ ਕੇ ਉਹਨਾਂ ਦਾ ਅਪਮਾਨ ਕੀਤਾ : ਸ਼੍ਰੋਮਣੀ ਅਕਾਲੀ ਦਲ

ਉਹਨਾਂ ਕਿਹਾ ਕਿ ਪੂਰੀ ਨੇ ਕੋਰਾ ਝੂਠ ਬੋਲਿਆ ਕਿ ਜਦੋਂ 3 ਜੂਨ ਨੂੰ ਤਿੰਨ ਖੇਤੀ ਬਿੱਲ ਮੰਤਰੀ ਮੰਡਲ ਵਿਚ ਪੇਸ਼ ਕੀਤੇ ਗਏ ਤਾਂ ਉਹ ਮੀਟਿੰਗ ਵਿਚ ਮੌਜੂਦ ਸਨ ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਬਿੱਲਾਂ ਖਿਲਾਫ ਕੋਈ ਖਦਸ਼ਾ ਪ੍ਰਗਟ ਨਹੀਂ ਕੀਤਾ।ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪਹਿਲਾਂ ਤਾਂ ਸ੍ਰੀ ਪੁਰੀ 3 ਜੂਨ ਦੀ ਮੀਟਿੰਗ ਵਿਚ ਹਾਜ਼ਰ ਨਹੀਂ ਸਨ ਕਿਉਂਕਿ ਰਾਜ ਮੰਤਰੀਆਂ ਸਿਰਫ ਉਹਨਾਂ ਮੀਟਿੰਗਾਂ ਵਿਚ ਸ਼ਾਮਲ ਹੋ ਸਕਦੇ ਹਨ, ਜਿਸ ਵਿਚ ਉਹਨਾਂ ਦੇ ਮੰਤਰਾਲੇ ਨਾਲ ਸਬੰਧਤ ਏਜੰਡਾ ਵਿਚਾਰ ਵਟਾਂਦਰੇ ਵਾਸਤੇ ਸ਼ਾਮਲ ਹੁੰਦਾ ਹੈ। ਦੂਜਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਇਹ ਕਹਿ ਰਹੇ ਹਨ ਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੋਈ ਇਤਰਾਜ਼ ਨਹੀਂ ਉਠਾਇਆ ਜਦਕਿ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਪ ਇਹ ਮੰਨਿਆ ਹੈ ਕਿ ਸ੍ਰੀਮਤੀ ਬਾਦਲ ਨੇ ਬਿੱਲਾਂ ਬਾਰੇ ਖਦਸ਼ਾ ਪ੍ਰਗਟ ਕੀਤਾ ਸੀ।

ਸ਼ਰਮਨਾਕ ! ਹਰਦੀਪ ਪੁਰੀ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁੰਡੇ ਬਦਮਾਸ਼ ਕਹਿ ਕੇ ਉਹਨਾਂ ਦਾ ਅਪਮਾਨ ਕੀਤਾ : ਸ਼੍ਰੋਮਣੀ ਅਕਾਲੀ ਦਲ

ਸ੍ਰੀ ਬਲਵਿੰਦਰ ਸਿੰਘ ਭੂੰਦੜ ਨੇ ਪੁਰੀ ਨੂੰ ਕਿਹਾ ਕਿ ਉਹ ਇਸ ਤਰੀਕੇ ਦੀਆਂ ਹਰਕਤਾਂ ਨਾ ਕਰਨ। ਉਹਨਾਂ ਕਿਹਾ ਕਿ ਕਿਸਾਨਾਂ ਅਤੇ ਉਹਨਾਂ ਦੇ ਪ੍ਰਤੀਨਿਧਾਂ ਦਾ ਅਪਮਾਨ ਕਰਨਾ ‘ਜੈ ਜਵਾਨ, ਜੈ ਕਿਸਾਨ’ ਦੀ ਭਾਵਨਾ ਦੇ ਖਿਲਾਫ ਹੈ। ਉਹਨਾਂ ਨੇ ਦਿੱਲੀ ਆਧਾਰਿਤ ਆਗੂ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਕਿਸਾਨਾਂ ਦਾ ਦਰਦ ਸਮਝਣ ਅਤੇ ਫਿਰ ਹੀ ਸਾਰੀ ਕਿਸਾਨੀ ਨੂੰ ਬਦਨਾਮ ਕਰਨ ਵਾਲੇ ਬਿਆਨ ਦੇਣ।  ਉਹਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਪਿਛਲੀ ਵਾਰ ਜਦੋਂ ਤੁਸੀਂ 20 ਦਿਨ ਲਈ ਪੰਜਾਬ ਆਏ ਸੀ ਤੇ ਪੈਰਾਸ਼ੂਟ ਰਾਹੀਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣੇ ਸੀ ਤਾਂ ਤੁਹਾਡੇ ਕੋਲ ਕਿਸਾਨ ਭਾਈਚਾਰੇ ਦੀਆਂ ਮੁਸ਼ਕਿਲਾਂ ਸਮਝਣ ਦਾ ਸਮਾਂ ਨਹੀਂ ਸੀ। ਪਰ ਤੁਸੀਂ ਕਾਲੇ ਕਾਨੂੰਨਾਂ ਦਾ ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਜੀਵਨ ’ਤੇ ਪੈਣ ਵਾਲੇ ਅਸਰ ਨੂੰ ਸਮਝਣ ਲਈ  ਪੰਜਾਬ ਦੇ ਪਿੰਡਾਂ ਦੇ ਦੌਰੇ ਕਰ ਸਕਦੇ ਸੀ।

ਉਹਨਾਂ ਕਿਹਾ ਕਿ ਤੁਹਾਨੂੰ ਅਫਸਰਸ਼ਾਹੀ ਵਾਲੀ ਮਾਨਸਿਕਤਾ ਵਿਚੋਂ ਬਾਹਰ ਆਉਣਾ ਪਵੇਗਾ ਤਾਂ ਜੋ ਤੁਸੀਂ ਸਮਝ ਸਕੋ ਕਿ ਖੇਤੀ ਕਾਨੂੰਨ ਖੇਤੀਬਾੜੀ ਨੂੰ ਤਬਾਹ ਕਰ ਦੇਣਗੇ ਅਤੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਰਹਿਮੋ ਕਰਮ ’ਤੇ ਕਰ ਦੇਣਗੇ। ਸ੍ਰੀ ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਰੀ ਵਰਗਿਆਂ, ਜੋ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਕਠਪੁਤਲੀ ਵਾਂਗ ਨੱਚ ਰਹੇ ਹਨ ਅਤੇ ਕਦੇ ਵੀ ਆਪਣੇ ਆਪ ਮਿਉਂਸਪਲ ਕਮੇਟੀ ਦੀ ਚੋਣ ਵੀ ਨਹੀਂ ਜਿੱਤੀ, ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਤੇ ਝੂਠਾਂ ਖਿਲਾਫ ਆਪਣਾ ਸੰਘਰਸ਼ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਮੈਂ ਕਿਸਾਨਾਂ, ਖੇਤ ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਇਕ ਵਾਰ ਫਿਰ ਭਰੋਸਾ ਦੁਆਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਡੱਟ ਕੇ ਖੜ੍ਹਾ ਹੈ ਤੇ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਦਮ ਨਹੀਂ ਲਵੇਗਾ।

-PTCNews

Related Post