ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਨੂੰ ਜੈਨੀ ਜੌਹਲ ਦਾ ਪਾਬੰਦੀਸ਼ੁਦਾ ਗੀਤ ਸੁਣਨ ਲਈ ਮਜਬੂਰ ਕਰੇਗਾ: ਬਿਕਰਮ ਸਿੰਘ ਮਜੀਠੀਆ

By  Jasmeet Singh October 9th 2022 07:05 PM -- Updated: October 9th 2022 07:08 PM

ਮੁਹਾਲੀ, 9 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬ ਦੀ ਇਕ ਧੀ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਡਰ ਰਹੇ ਹਨ ਤੇ ਉਸਦੇ ਗੀਤ ’ਤੇ ਪਾਬੰਦੀ ਕਿਉਂ ਲਗਵਾਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਉਹਨਾਂ ਨੂੰ ਜੈਨੀ ਜੌਹਲ ਦਾ ਗੀਤ ਸੁਣਨ ਲਈ ਮਜਬੂਰ ਕਰੇਗਾ ਅਤੇ ਇਸ ਵਾਸਤੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਉੱਚੀ ਆਵਾਜ਼ ਵਿਚ ਇਹ ਗੀਤ ਵਜਾਉਂਦਿਆਂ ਰੋਸ ਮਾਰਚ ਕਰੇਗਾ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਹਨਾਂ ਨੇ ਕਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਵਕਾਲਤ ਕੀਤੀ, ਉਹ ਯੂ-ਟਿਊਬ ’ਤੇ ਜੈਨੀ ਜੌਹਲ ਦੇ ਗੀਤ ’ਤੇ ਸਿਰਫ ਇਸ ਕਰ ਕੇ ਪਾਬੰਦੀ ਲਗਵਾ ਰਹੇ ਹਨ ਕਿਉਂਕਿ ਗਾਇਕ ਨੇ ਮੁੱਖ ਮੰਤਰੀ ਤੋਂ ਕੁਝ ਸਵਾਲ ਪੁੱਛੇ ਹਨ। ਉਹਨਾਂ ਕਿਹਾ ਕਿ ਇਹ ਉਹੀ ਲੋਕ ਹਨ ਜਿਹਨਾਂ ਨੇ ਕੇਂਦਰ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਗੀਤ ’ਤੇ ਪਾਬੰਦੀ ਲਗਾਉਣ ਦਾ ਵਿਰੋਧ ਕਰ‌ਦਿਆਂ ਆਵਾਜ਼ ਬੁਲੰਦ ਕੀਤੀ ਸੀ ਤੇ ਅੱਜ ਆਪ ਪਾਬੰਦੀਆਂ ਲਗਵਾ ਰਹੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਕੋਲ ਪਹੁੰਚਣ ਤੋਂ ਪਹਿਲਾਂ Youtube ਨੇ ਖੋਹਿਆ ਜੈਨੀ ਜੌਹਲ ਦਾ 'Letter To CM'

ਮਜੀਠੀਆ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਸਵਾਲਾਂ ਵਿਚ ਗਲਤ ਕੀ ਹੈ? ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਤੁਹਾਡੀ ਸਰਕਾਰ ਹੈ ਜਿਸਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਸੀ। ਉਹਨਾਂ ਕਿਹਾ ਕਿ ਇਹਵੀ ਸੱਚਾਈ ਹੈ ਕਿ ਤੁਸੀਂ ਇਸਦਾ ਪ੍ਰਚਾਰ ਕੀਤਾ ਸੀ ਜਿਸ ਕਾਰਨ ਬੇਰਹਿਮੀ ਨਾਲ ਕਤਲ ਹੋਇਆ। ਉਹਨਾਂ ਕਿਹਾ ਕਿ ਹਾਲੇ ਤੱਕ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਹਾਲਾਤ ਹੋਰ ਮਾੜੇ ਹੋ ਗਏ ਹਨ ਤੇ ਦਿੱਲੀ ਪੁਲਿਸ ਵੱਲੋਂ ਫੜੇ ਗੈਂਗਸਟਰ ਦੀਪਕ ਟੀਨੂੰ ਨੂੰ ਪੰਜਾਬ ਪੁਲਿਸ ਦੀ ਹਿਰਾਸਤ ਵਿਚੋਂ ਰਾਤ ਦੇ ਹਨੇਰੇ ਵਿਚ ਭੱਜਣ ਦੀ ਆਗਿਆ ਦਿੱਤੀ ਗਈ।

-PTC News

Related Post