ਸਾਨੀਆ ਮਿਰਜ਼ਾ ਦਾ ਟੈਨਿਸ ਤੋਂ ਸੰਨਿਆਸ ਦਾ ਐਲਾਨ

By  Jasmeet Singh January 19th 2022 09:42 PM -- Updated: January 19th 2022 09:45 PM

ਚੰਡੀਗੜ੍ਹ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ 2022 ਉਸਦਾ ਆਖਰੀ ਸੀਜ਼ਨ ਹੋਵੇਗਾ ਕਿਉਂਕਿ ਉਸਦਾ ਸਰੀਰ "ਥੱਕ ਰਿਹਾ" ਹੈ ਅਤੇ ਹਰ ਦਿਨ ਦੇ ਦਬਾਅ ਲਈ ਊਰਜਾ ਅਤੇ ਪ੍ਰੇਰਣਾ ਹੁਣ ਪਹਿਲਾਂ ਵਰਗੀ ਨਹੀਂ ਹੈ। 35 ਸਾਲਾਂ ਦੀ ਸਾਨੀਆ ਨੇ ਮਾਰਚ 2019 ਵਿੱਚ ਬੇਟੇ ਦੇ ਜਨਮ ਤੋਂ ਬਾਅਦ ਟੈਨਿਸ ਵਿੱਚ ਵਾਪਸੀ ਕੀਤੀ ਪਰ ਕੋਰੋਨਾ ਵਾਇਰਸ ਮਹਾਂਮਾਰੀ ਉਸ ਦੀ ਤਰੱਕੀ ਵਿੱਚ ਰੁਕਾਵਟ ਬਣ ਗਈ। ਸਾਨੀਆ ਨੇ ਆਪਣੀ ਜੋੜੀਦਾਰ ਨਾਦੀਆ ਕਿਚਨੋਕ ਦੇ ਨਾਲ ਆਸਟ੍ਰੇਲੀਅਨ ਓਪਨ ਵਿੱਚ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿੱਚ ਹਾਰਨ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸਾਨੀਆ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, "ਇਸ ਦੇ ਕਈ ਕਾਰਨ ਹਨ। ਇਹ ਇਨ੍ਹਾਂ ਸੌਖਾ ਨਹੀਂ ਹੈ ਕਿ 'ਹੁਣ ਮੈਂ ਖੇਡਾਂਗੀ ਨਹੀਂ'। ਮੈਨੂੰ ਲੱਗਦਾ ਹੈ ਕਿ ਮੈਨੂੰ ਠੀਕ ਹੋਣ ਵਿੱਚ ਲੰਬਾ ਸਮਾਂ ਲੱਗ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਬੇਟਾ ਸਿਰਫ਼ ਤਿੰਨ ਸਾਲ ਦਾ ਹੈ ਅਤੇ ਮੈਂ ਉਸ ਨਾਲ ਇੰਨਾ ਜ਼ਿਆਦਾ ਸਫ਼ਰ ਕਰਕੇ ਉਸ ਨੂੰ ਖਤਰੇ ਵਿੱਚ ਪਾ ਰਹੀ ਹਾਂ ਅਤੇ ਇਸ ਚੀਜ਼ ਦੀ ਮੈਨੂੰ ਦੇਖਭਾਲ ਕਰਨੀ ਹੋਵੇਗੀ ਹੈ।" ਉਨ੍ਹਾਂ ਕਿਹਾ, "ਮੇਰਾ ਸਰੀਰ ਵੀ ਹੁਣ ਕਮਜ਼ੋਰ ਹੋ ਰਿਹਾ ਹੈ। ਅੱਜ ਮੇਰਾ ਗੋਡਾ ਬਹੁਤ ਦੁੱਖ ਰਿਹਾ ਹੈ। ਮੈਂ ਇਹ ਨਹੀਂ ਕਹਿ ਰਹੀ ਹਾਂ ਕਿ ਇਸ ਕਾਰਨ ਅਸੀਂ ਹਾਰ ਗਏ ਹਾਂ, ਪਰ ਮੈਂ ਮਹਿਸੂਸ ਕਰ ਰਹੀ ਹਾਂ ਕਿ ਮੈਨੂੰ ਠੀਕ ਹੋਣ ਵਿੱਚ ਕੁਝ ਸਮਾਂ ਲੱਗ ਰਿਹਾ ਹੈ ਕਿਉਂਕਿ ਮੇਰੀ ਉਮਰ ਵੱਧ ਰਹੀ ਹੈ।" ਸਾਨੀਆ ਨੇ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ 2003 ਵਿੱਚ ਕੀਤੀ ਸੀ। ਉਦੋਂ ਤੋਂ ਉਹ ਲਗਾਤਾਰ ਟੈਨਿਸ ਖੇਡ ਰਹੀ ਹੈ। ਉਹ ਡਬਲਜ਼ ਵਿੱਚ ਵੀ ਨੰਬਰ-1 ਰਹੀ ਹੈ। ਉਹ ਮਹਿਲਾ ਸਿੰਗਲਜ਼ ਵਿੱਚ ਸਿਖਰਲੇ 100 ਵਿੱਚ ਪਹੁੰਚਣ ਵਾਲੀ ਇਕਲੌਤੀ ਭਾਰਤੀ ਮਹਿਲਾ ਖਿਡਾਰਨ ਵੀ ਹੈ। ਡਬਲਜ਼ ਵਿੱਚ ਸਾਬਕਾ ਵਿਸ਼ਵ ਨੰਬਰ ਇੱਕ ਸਾਨੀਆ ਨੇ 6 ਵਾਰ ਗਰੈਂਡ ਸਲੈਮ ਖਿਤਾਬ ਜਿੱਤਿਆ ਹੈ। -PTC News

Related Post