ਕਾਂਗਰਸ ਸਰਕਾਰ ਤੋਂ ਦੁਖੀ ਹੋਏ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ 'ਚ ਲਾਏ ਪੱਕੇ ਡੇਰੇ ,ਮਰਨ ਵਰਤ ਸ਼ੁਰੂ

By  Shanker Badra October 8th 2018 11:16 AM

ਕਾਂਗਰਸ ਸਰਕਾਰ ਤੋਂ ਦੁਖੀ ਹੋਏ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ 'ਚ ਲਾਏ ਪੱਕੇ ਡੇਰੇ ,ਮਰਨ ਵਰਤ ਸ਼ੁਰੂ:ਕਾਂਗਰਸ ਸਰਕਾਰ ਵੱਲੋਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਮ 'ਤੇ 75% ਤਨਖਾਹਾਂ ਕੱਟ ਦੇ ਫੈਸਲੇ 'ਤੇ ਅਧਿਆਪਕ ਵਰਗ ਵਿੱਚ ਕਾਫੀ ਰੋਸ ਹੈ।ਜਿਸ ਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ ਅਧਿਆਪਕ ਸੜਕਾਂ 'ਤੇ ਉੱਤਰ ਆਏ ਹਨ।ਇਸੇ ਤਹਿਤ ਪਟਿਆਲਾ ਵਿਖੇ ਤਨਖਾਹਾਂ ਘਟਾਉਣ ਤੋਂ ਦੁਖੀ ਹਜ਼ਾਰਾਂ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹਿਰ ਪਟਿਆਲਾ ਵਿਚ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਪੱਕਾ ਮੋਰਚਾ ਲਾ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਦੂਜੇ ਦਿਨ ਦੀ ਸ਼ੁਰੂਆਤ ਹੋ ਗਈ ਹੈ।ਇਸ ਤੋਂ ਪਹਿਲਾਂ ਅਧਿਆਪਕਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਚੌਕ ਵਿਚ ਇਕੱਠੇ ਹੋ ਕੇ ਸਰਕਾਰ ਖਿਲਾਫ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਠੇਕੇ 'ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਪੂਰੀਆਂ ਤਨਖ਼ਾਹਾਂ `ਤੇ ਵਿਭਾਗ `ਚ ਪੱਕੇ ਕਰਨ ਦੀ ਬਜਾਇ ਤਨਖ਼ਾਹਾਂ `ਚ ਕਟੌਤੀਆਂ ਕਰਨ ਵਿਰੁੱਧ ਅਧਿਆਪਕਾਂ `ਚ ਕਾਫ਼ੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ।ਇਸ ਦੌਰਾਨ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਸ. ਏ ਰਮਸਾ ਆਦਰਸ਼ ਅਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਗਰੇਡ ਵਿੱਚ ਪੱਕੇ ਕਰਨ ਦੀ ਬਜਾਏ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ 65 ਫ਼ੀਸਦੀ ਤੋਂ 75 ਫ਼ੀਸਦੀ ਤੱਕ ਕਟੌਤੀ ਕਰਕੇ 15000 ਕਰਨ, ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਅਧਿਆਪਕ ਆਗੂਆਂ ਸਮੇਤ ਹੋਰਨਾਂ ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਕਰਨ, ਆਦਰਸ਼ ਸਕੂਲ (ਪੀ ਪੀ ਪੀ ਮੋਡ) ਦੇ ਅਧਿਆਪਕ ਆਗੂਆਂ ਦੀਆਂ ਛਾਂਟੀਆਂ ਕਰਨ, ਅਖੌਤੀ "ਪੜ੍ਹੋ ਪੰਜਾਬ ਪੜ੍ਹਾਓ ਪੰਜਾਬ" ਪ੍ਰਾਜੈਕਟ ਨੂੰ ਬੰਦ ਕਰਕੇ ਸਿਲੇਬਸ ਅਧਾਰਿਤ ਪੜ੍ਹਾਈ ਨਾ ਲਾਗੂ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਸਕੱਤਰ ਵੱਲੋਂ ਅਧਿਆਪਕ ਵਰਗ ਨਾਲ ਕੀਤੀਆਂ ਜਾਂਦੀਆਂ ਮੀਟਿੰਗਾਂ ਵਿੱਚ ਅਧਿਆਪਕਾਂ ਨੂੰ ਰੱਜ ਕੇ ਜਲੀਲ ਤੇ ਅਪਮਾਨਤ ਕਰਨ ਦੇ ਬਾਵਜੂਦ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਸਾਰੇ ਮਸਲਿਆਂ `ਤੇ ਚੁੱਪ ਰਹਿਣ ਕਰਕੇ ਅਧਿਆਪਕਾਂ ਦਾ ਰੋਹ ਹੋਰ ਵਧ ਗਿਆ ਹੈ। -PTCNews

Related Post