ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ ਦੇ ਲੰਗਰਾਂ ਤੋਂ ਜੀਐਸਟੀ ਹਟਾਉਣ ਦਾ ਭਾਈ ਲੌਂਗੋਵਾਲ ਵੱਲੋਂ ਸਵਾਗਤ

By  Joshi June 1st 2018 01:20 PM -- Updated: June 1st 2018 02:43 PM

ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ ਦੇ ਲੰਗਰਾਂ ਤੋਂ ਜੀਐਸਟੀ ਹਟਾਉਣ ਦਾ ਭਾਈ ਲੌਂਗੋਵਾਲ ਵੱਲੋਂ ਸਵਾਗਤ

ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਨੂੰ ਸ਼ਲਾਘਾਯੋਗ ਦੱਸਿਆ

ਅੰਮ੍ਰਿਤਸਰ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਤੋਂ ਜੀਐਸਟੀ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰੂ ਘਰਾਂ ਦੇ ਲੰਗਰਾਂ ਤੋਂ ਜੀ.ਐਸ.ਟੀ. ਖਤਮ ਕਰਵਾਉਣ ਲਈ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਸਨ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਕੇਂਦਰ ਸਰਕਾਰ ਨੇ ਲੰਗਰਾਂ ਨੂੰ ਜੀਐਸਟੀ ਮੁਕਤ ਕਰ ਦਿੱਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਲਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਲੰਗਰਾਂ ਤੋਂ ਜੀ.ਐਸ.ਟੀ. ਹਟਣ ਨਾਲ ਗੁਰਦੁਆਰਾ ਸਾਹਿਬਾਨ ’ਤੇ ਪੈ ਰਿਹਾ ਵਾਧੂ ਆਰਥਿਕ ਬੋਝ ਖਤਮ ਹੋਵੇਗਾ ਅਤੇ ਇਹ ਰਾਸ਼ੀ ਭਲਾਈ ਕਾਰਜਾਂ ਲਈ ਵਰਤੀ ਜਾ ਸਕੇਗੀ।

sgpc appreciates cancellation of gst from langar

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲੰਗਰਾਂ ਤੋਂ ਜੀਐਸਟੀ ਖਤਮ ਕਰਵਾਉਣ ਲਈ ਕੇਂਦਰ ਸਰਕਾਰ ਤੱਕ ਲਗਾਤਾਰ ਪਹੁੰਚ ਬਣਾਈ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਨੂੰ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਨੂੰ ਲਗਾਤਾਰ ਕੇਂਦਰ ਕੋਲ ਉਠਾਇਆ ਜਾ ਰਿਹਾ ਸੀ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਸਬੰਧੀ ਗੰਭੀਰ ਯਤਨ ਕੀਤੇ ਗਏ। ਭਾਈ ਲੌਂਗੋਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਿੱਜੀ ਯਤਨ ਕਰਦਿਆਂ ਮਾਮਲੇ ਨੂੰ ਵੱਖ-ਵੱਖ ਪਲੇਟਫਾਰਮਾਂ ’ਤੇ ਉਠਾਇਆ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਸਾਰੇ ਹੀ ਧਰਮਾਂ ਨਾਲ ਸਬੰਧਤ ਧਾਰਮਿਕ ਅਸਥਾਨਾਂ ਦੇ ਲੰਗਰਾਂ ਤੋਂ ਜੀਐਸਟੀ ਹਟਾਉਣ ਨੂੰ ਕੇਂਦਰ ਸਰਕਾਰ ਦਾ ਚੰਗਾ ਕਦਮ ਕਰਾਰ ਦਿੱਤਾ।

sgpc appreciates cancellation of gst from langar

ਇਸੇ ਦੌਰਾਨ ਹੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਹੈ ਕਿ ਹੁਣ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ ਖਰੀਦੇ ਸਮਾਨ ’ਤੇ 3 ਕਰੋੜ 20 ਲੱਖ ਦਾ ਜੀਐਸਟੀ ਭੁਗਤਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਖਤਮ ਕਰਨਾ ਚੰਗੀ ਗੱਲ ਹੈ ਪਰ ਇਸਦੇ ਨਾਲ ਹੀ ਹੁਣ ਤੱਕ ਦਿੱਤਾ ਜਾ ਚੁੱਕਾ ਟੈਕਸ ਵਾਪਸ ਕਰਨ ਲਈ ਵੀ ਸਰਕਾਰ ਨੂੰ ਪਹਲਕਦਮੀ ਕਰਨੀ ਚਾਹੀਦੀ ਹੈ।

—PTC News

Related Post