ਭੋਪਾਲ ਵਿਖੇ ਹੋ ਰਹੀਆਂ ਨੈਸ਼ਨਲ ਖੇਡਾਂ ਦੌਰਾਨ SGPC ਦੀ ਹਾਕੀ ਟੀਮ ਕੁਆਟਰ ਫਾਈਨਲ ’ਚ ਪੁੱਜੀ

By  Shanker Badra October 9th 2021 04:55 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਨੇ ਭੋਪਾਲ (ਮੱਧ ਪ੍ਰਦੇਸ਼) ਵਿਚ ਹੋ ਰਹੀਆਂ ਨੈਸ਼ਨਲ ਖੇਡਾਂ ਵਿਚ ਮਾਲਵਾ ਹਾਕੀ ਅਕੈਡਮੀ ਹਨੂਮਾਨਗੜ੍ਹ ਨੂੰ ਵੱਡੇ ਫ਼ਰਕ 7-0 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਕੁਆਟਰ ਫਾਈਨਲ ਵਿਚ ਪੁੱਜੀ ਹਾਕੀ ਟੀਮ ਨੂੰ ਇਸ ਜਿੱਤ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਜਿਥੇ ਹਾਕੀ ਦੀਆਂ ਟੀਮਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ, ਉਥੇ ਹੋਰ ਖੇਡਾਂ ਵਿਚ ਵੀ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਕਾਰਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਖੇਡ ਵਿਭਾਗ ਲਗਾਤਾਰ ਕਾਰਜਸ਼ੀਲ ਹੈ। ਇਸੇ ਦੌਰਾਨ ਤੇਜਿੰਦਰ ਸਿੰਘ ਪੱਡਾ ਸਕੱਤਰ ਖੇਡ ਵਿਭਾਗ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ਾਂ ’ਤੇ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭੋਪਾਲ ਵਿਚ ਹੋ ਰਹੀਆਂ ਨੈਸ਼ਨਲ ਖੇਡਾਂ ਵਿਚ ਸ਼੍ਰੋਮਣੀ ਕਮੇਟੀ ਦੇ ਖਿਡਾਰੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਹਾਕੀ ਟੀਮ ਆਪਣੇ ਪੂਲ ਵਿਚ ਖੇਡਦਿਆਂ ਕੁਆਟਰ ਫਾਈਨਲ ਵਿਚ ਪੁੱਜ ਚੁੱਕੀ ਹੈ ਅਤੇ ਹੁਣ ਇਸ ਦਾ ਮੁਕਾਬਲਾ ਦੂਸਰੇ ਪੂਲ ’ਚ ਕੁਆਟਰ ਫਾਈਨਲ ਵਿਚ ਪੁੱਜਣ ਵਾਲੀ ਟੀਮ ਨਾਲ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਜਿੱਤ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਏਗੀ। -PTCNews

Related Post