ਟੋਕੀਓ ਓਲੰਪਿਕ ਚ ਤਮਗ਼ਾ ਜੇਤੂ ਹਾਕੀ ਟੀਮ ਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਕਰੋੜ ਰੁਪਏ ਨਾਲ ਕੀਤਾ ਸਨਮਾਨਿਤ

By  Shanker Badra August 11th 2021 03:26 PM -- Updated: August 11th 2021 03:29 PM

ਅੰਮ੍ਰਿਤਸਰ : ਟੋਕੀਓ ਓਲੰਪਿਕ ਵਿੱਚੋਂ ਕਾਂਸੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਪੁੱਜੀ ਭਾਰਤੀ ਹਾਕੀ ਟੀਮ ਦੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਦੇ ਸਾਹਮਣੇ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕਰਕੇ ਇਹ ਸਨਮਾਨ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਟੀਮ ਦੇ ਹਰ ਖਿਡਾਰੀ ਨੂੰ ਪੰਜ-ਪੰਜ ਲੱਖ ਰੁਪਏ ਦਾ ਚੈੱਕ, ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਨਮਾਨ ਚਿੰਨ੍ਹ ਦੇਣ ਦੇ ਨਾਲ-ਨਾਲ ਭਾਰਤੀ ਹਾਕੀ ਦੇ ਜਨਰਲ ਸਕੱਤਰ ਸ. ਰਜਿੰਦਰ ਸਿੰਘ ਅਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਮਿਆਂ ਦੌਰਾਨ ਓਲੰਪਿਕ ਵਿੱਚੋਂ ਮੱਲ੍ਹਾਂ ਮਾਰਨ ਵਾਲੇ ਕਈ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ। [caption id="attachment_522473" align="aligncenter"] ਟੋਕੀਓ ਓਲੰਪਿਕ 'ਚ ਤਮਗ਼ਾ ਜੇਤੂ ਹਾਕੀ ਟੀਮ ਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਕਰੋੜ ਰੁਪਏ ਨਾਲ ਕੀਤਾ ਸਨਮਾਨਿਤ[/caption] ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ 41 ਸਾਲ ਬਾਅਦ ਜੋ ਇਤਿਹਾਸ ਸਿਰਜਿਆ ਹੈ, ਉਸ ਨਾਲ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿਚ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਖੁਸ਼ੀ ਹੋਰ ਵੀ ਜ਼ਿਆਦਾ ਹੈ ਕਿਉਂਕਿ ਭਾਰਤੀ ਹਾਕੀ ਟੀਮ ਵਿਚ ਬਹੁ-ਗਿਣਤੀ ਖਿਡਾਰੀ ਪੰਜਾਬ ਵਿੱਚੋਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਨੂੰ ਖੇਡ ਭਾਵਨਾ ਦੇ ਰੂਬਰੂ ਗੁਰੂ ਸਾਹਿਬਾਨ ਨੇ ਕਰਵਾਇਆ ਹੈ, ਜਿਸ ਤੋਂ ਅਗਵਾਈ ਲੈਂਦਿਆਂ ਸਾਡੇ ਨੌਜੁਆਨਾਂ ਨੇ ਹਮੇਸ਼ਾ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖੇਡਾਂ ਭਾਈਚਾਰਕ ਸਾਂਝਾਂ ਮਜ਼ਬੂਤ ਕਰਦੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸੇ ਤਹਿਤ ਹੀ ਹਾਕੀ ਟੀਮ ਦੇ ਹਰ ਖਿਡਾਰੀ ਨੂੰ ਸਨਮਾਨਿਤ ਰਾਸ਼ੀ ਦਿੱਤੀ ਜਾ ਰਹੀ ਹੈ। [caption id="attachment_522474" align="aligncenter"] ਟੋਕੀਓ ਓਲੰਪਿਕ 'ਚ ਤਮਗ਼ਾ ਜੇਤੂ ਹਾਕੀ ਟੀਮ ਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਕਰੋੜ ਰੁਪਏ ਨਾਲ ਕੀਤਾ ਸਨਮਾਨਿਤ[/caption] ਉਨ੍ਹਾਂ ਆਖਿਆ ਕਿ ਗੁਰੂ ਘਰ ਤੋਂ ਦਿੱਤਾ ਗਿਆ ਸਨਮਾਨ ਇਸ ਲਈ ਬਹੁਤ ਵੱਡਾ ਹੈ, ਕਿਉਂਕਿ ਇਹ ਕੇਵਲ ਰਾਸ਼ੀ ਹੀ ਨਹੀਂ ਬਲਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਮੇਟੀ ਦੀਆਂ ਖੇਡ ਅਕੈਡਮੀਆਂ ਲਗਾਤਾਰ ਸਰਗਰਮ ਹਨ ਅਤੇ ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਨੂੰ ਭਾਰਤੀ ਹਾਕੀ ਵੱਲੋਂ ਮਾਨਤਾ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਹੋਰ ਖੇਡਾਂ ਲਈ ਵੀ ਖੇਡ ਡਾਇਰੈਕਟੋਰੇਟ ਸਥਾਪਿਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਆਪਣੇ ਸੰਬੋਧਨ ਵਿਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਅਗਲੇ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਦੀ ਆਸ ਪ੍ਰਗਟਾਈ। [caption id="attachment_522475" align="aligncenter"] ਟੋਕੀਓ ਓਲੰਪਿਕ 'ਚ ਤਮਗ਼ਾ ਜੇਤੂ ਹਾਕੀ ਟੀਮ ਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਕਰੋੜ ਰੁਪਏ ਨਾਲ ਕੀਤਾ ਸਨਮਾਨਿਤ[/caption] ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਸਨਮਾਨ ਦੇਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਤੋਂ ਮਿਲਿਆ ਸਨਮਾਨ ਸਾਡੇ ਲਈ ਸਭ ਤੋਂ ਵੱਡਾ ਸਨਮਾਨ ਹੈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਨਮਾਨ ਨਾਲ ਸਾਨੂੰ ਹੋਰ ਅੱਗੇ ਵੱਧਣ ਦਾ ਹੌਸਲਾ ਅਤੇ ਉਤਸ਼ਾਹ ਮਿਲਿਆ ਹੈ। ਉਨ੍ਹਾਂ ਆਖਿਆ ਕਿ ਜਦੋਂ ਅਸੀਂ ਕਾਂਸੀ ਤਮਗਾ ਜਿੱਤੇ ਸੀ, ਤਾਂ ਸਾਰੀ ਟੀਮ ਨੇ ਹੀ ਇਹ ਫੈਸਲਾ ਕੀਤਾ ਸੀ ਕਿ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ। -PTCNews

Related Post