ਜਥੇਦਾਰ ਸਾਹਿਬ ਨੂੰ ਨਸੀਹਤ ਦੇਣ ਤੋਂ ਪਹਿਲਾਂ ਕਾਂਗਰਸ ਆਗੂ ਦਿੱਲੀ ਦੀਆਂ ਕੰਧਾਂ ਦੀ ਸੁਣਨ ਹੂਕ : ਭਾਈ ਮਹਿਤਾ

By  Shanker Badra July 17th 2020 07:17 PM

ਜਥੇਦਾਰ ਸਾਹਿਬ ਨੂੰ ਨਸੀਹਤ ਦੇਣ ਤੋਂ ਪਹਿਲਾਂ ਕਾਂਗਰਸ ਆਗੂ ਦਿੱਲੀ ਦੀਆਂ ਕੰਧਾਂ ਦੀ ਸੁਣਨ ਹੂਕ : ਭਾਈ ਮਹਿਤਾ:ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਸੀਹਤ ਦੇਣ ਦਾ ਸਖਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਹੈ ਕਿ ਜਾਖੜ ਸਮੇਤ ਕਾਂਗਰਸ ਦਾ ਕੋਈ ਵੀ ਆਗੂ ਪੰਥ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਨ ਦਾ ਹੱਕ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ। ਭਾਈ ਮਹਿਤਾ ਨੇ ਜਾਰੀ ਇੱਕ ਬਿਆਨ ਵਿਚ ਜਾਖੜ ਨੂੰ ਕਰਾਰਾ ਜਵਾਬ ਦਿੰਦਿਆਂ ਆਖਿਆ ਕਿ ਤੁਸੀਂ ਤੇ ਤੁਹਾਡੀ ਪਾਰਟੀ ਨੇ ਤਾਂ ਹਮੇਸ਼ਾਂ ਹੀ ਸਿੱਖਾਂ ਦਾ ਵਿਨਾਸ਼ ਕੀਤਾ, ਹਜ਼ਾਰਾਂ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਅਤੇ ਇੱਕ ਦਹਾਕੇ ਤੋਂ ਵੱਧ ਪੰਜਾਬ ਦੀ ਧਰਤੀ ’ਤੇ ਰੱਜ ਕੇ ਖੂਨ ਦੀ ਹੋਲੀ ਖੇਡੀ। ਦਿੱਲੀ, ਕਾਨ੍ਹਪੁਰ, ਬੁਕਾਰੋ ਆਦਿ ਥਾਵਾਂ ਦਾ ਸਿੱਖ ਕਤਲੇਆਮ ਅਤੇ ਜੂਨ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਕੀਤਾ ਗਿਆ ਹਮਲਾ ਤੁਹਾਡੀ ਹੀ ਪਾਰਟੀ ਦਾ ਕਰੂਰ ਕਾਰਾ ਹੈ। ਅੱਜ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਿਸ ਮੂੰਹ ਨਾਲ ਕਰ ਰਹੇ ਹੋ? ਸਚਾਈ ਤਾਂ ਇਹ ਹੈ ਕਿ ਤੁਹਾਡੀਆਂ ਕਰਤੂਤਾਂ ਕਰਕੇ ਤੁਹਾਡੇ ਲਈ ਚੱਪਣੀ ਵਿਚ ਨੱਕ ਡੋਬ ਕੇ ਮਰਨ ਤੋਂ ਬਿਨ੍ਹਾਂ ਹੁਣ ਹੋਰ ਕੋਈ ਚਾਰਾ ਨਹੀਂ ਹੈ।

ਭਾਈ ਮਹਿਤਾ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਪ੍ਰਭੂ ਸੱਤਾ ਸੰਪੰਨ ਸਰਬ ਉਚ ਅਸਥਾਨ ਹੈ। ਇਸ ਨੇ ਹਮੇਸ਼ਾ ਕੌਮ ਨੂੰ ਸਮੇਂ ਸਮੇਂ ਅਗਵਾਈ ਦਿੱਤੀ ਹੈ। ਇਸ ਦੇ ਮਾਨਯੋਗ ਜਥੇਦਾਰ ਸਾਹਿਬ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਥ ਦੀ ਅਗਾਵਈ ਕਿਵੇਂ ਕਰਨੀ ਹੈ ਅਤੇ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਕੀਤੇ ਜਾਂਦੇ ਹਮਲਿਆਂ ਤੇ ਸਾਜਿਸ਼ਾਂ ਦਾ ਜਵਾਬ ਕਿਵੇਂ ਦੇਣਾ ਹੈ। ਭਾਈ ਮਹਿਤਾ ਨੇ ਕਿਹਾ ਕਿ ਜਾਖੜ ਜੀ, ਘੱਟ ਗਿਣਤੀਆਂ ਦਾ ਫਿਕਰ ਛੱਡਣ ਲਈ ਜਥੇਦਾਰ ਸਾਹਿਬ ਨੂੰ ਕਹਿਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਪਿਛੋਕੜ ਵੱਲ ਝਾਤੀ ਮਾਰੋ ਕਿ ਤੁਸੀਂ ਕਿਵੇਂ ਵੋਟ ਦੀ ਖਾਤਰ ਘੱਟ ਗਿਣਤੀਆਂ ਨੂੰ ਦਬਾਇਆ।

ਜਥੇਦਾਰ ਸਾਹਿਬ ਨੂੰ ਨਸੀਹਤ ਦੇਣ ਤੋਂ ਪਹਿਲਾਂ ਕਾਂਗਰਸ ਆਗੂ ਦਿੱਲੀ ਦੀਆਂ ਕੰਧਾਂ ਦੀ ਸੁਣਨਹੂਕ : ਭਾਈ ਮਹਿਤਾ

ਜੇਕਰ ਅੱਜ ਸਿੱਖਾਂ ਅੰਦਰ ਕੋਈ ਬੇਗਾਨਗੀ ਦੀ ਭਾਵਨਾ ਦਾ ਅਹਿਸਾਸ ਪਨਪ ਰਿਹਾ ਹੈ ਤਾਂ ਉਸ ਦੀ ਦੋਸ਼ੀ ਕਾਂਗਰਸ ਹੈ। ਵੱਖਵਾਦੀ ਭਾਵਨਾ ਤੇ 2020 ਵਰਗੇ ਵਿਚਾਰ ਵੀ ਤੁਹਾਡੇ ਕਾਲੇ ਕਾਰਨਾਮਿਆਂ ਦੀ ਦੇਣ ਹਨ। ਕਿਉਂਕਿ ਦੇਸ਼ ਦੇ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀ ਨੀਅਤ ਪੰਜਾਬ ਤੇ ਸਿੱਖ ਮਾਰੂ ਰਹੀ, ਜਿਸ ਕਾਰਨ ਸਿੱਖਾਂ ਅੰਦਰ ਬੇਗਾਨਗੀ ਪੈਦਾ ਹੁੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ‘ਯਿਹ ਘਰ ਸਭ ਤੁਮ੍ਹਾਰੇ ਬਸਾਏ ਹੂਏ ਹੈਂ’ ਦੀ ਕਹਾਵਤ ਤੁਹਾਡੇ ’ਤੇ ਠੀਕ ਢੁਕਦੀ ਹੈ।

ਭਾਈ ਮਹਿਤਾ ਨੇ ਕਿਹਾ ਕਿ ਕਾਂਗਰਸ ਦੀਆਂ ਕਰਤੂਤਾਂ ਨੇ ਸਿੱਖਾਂ ਨੂੰ ਸੈਂਕੜੇ ਸਾਲ ਪਿੱਛੇ ਸੁਟਿਆ ਹੈ। ਜਾਖੜ ਜੀ ਸਿਧਾਂਤਕ, ਆਰਥਿਕ, ਰਾਜਨੀਤਿਕ ਤੇ ਸਭਿਆਚਾਰਕ ਤਬਾਹੀ ਤੁਸੀਂ ਹੀ ਕੀਤੀ ਹੈ। ਭਾਰਤ ਦੇ ਅਮਨ ਚੈਨ ਨੂੰ ਕਾਂਗਰਸ ਨੇ ਹੀ ਲਾਂਬੂ ਲਾਇਆ। ਤੁਸੀਂ ਹਮੇਸ਼ਾ ਘੱਟ ਗਿਣਤੀ ਸਿੱਖਾਂ ਦੀ ਹੋਂਦ ਹਸਤੀ ਖਤਮ ਕਰਨ ਦੇ ਮਨਸੂਬੇ ਬਣਾਉਂਦੇ ਰਹੇ। ਜੇਕਰ ਏਨੇ ਹੀ ਪੰਥ ਦੇ ਹਮਦਰਦ ਹੋ ਤਾਂ ਪਹਿਲਾਂ ਸਿੱਖ ਕਤਲੇਆਮ ਦੀ ਮੁਆਫੀ ਮੰਗੋ। ਉਨ੍ਹਾਂ ਕਿਹਾ ਕਿ ਬੇਦੋਸ਼ੇ ਮਾਰੇ ਗਏ ਸਿੱਖਾਂ ਦੀ ਆਤਮਾ ਤੁਹਾਨੂੰ ਕਦੇ ਮੁਆਫ ਨਹੀਂ ਕਰੇਗੀ। ਅੱਜ ਵੀ ਦਿੱਲੀ ਦੀਆਂ ਗਲੀਆਂ ਤੁਹਾਨੂੰ ਲਾਹਨਤਾਂ ਪਾ ਰਹੀਆਂ ਹਨ। ਜਾਖੜ ਜੀ ਜੇਕਰ ਤੁਹਾਡੀ ਥੋੜੀ ਵੀ ਜ਼ਮੀਰ ਜਿਊਂਦੀ ਹੈ ਤਾਂ ਦਿੱਲੀ ਦੀਆਂ ਉਨ੍ਹਾਂ ਗਲੀਆਂ ਤੇ ਮਹੱਲਿਆਂ ਦੀਆਂ ਕੰਧਾਂ ਦੀ ਹੂਕ ਨੂੰ ਕੰਨ ਲਾ ਕੇ ਸੁਣੋ। ਭਾਈ ਮਹਿਤਾ ਨੇ ਸੁਨੀਲ ਜਾਖੜ ਨੂੰ ਸਖਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਆਪਣੀ ਜ਼ੁਬਾਨ ਨੂੰ ਲਗਾਮ ਪਾਓ, ਆਪਣੇ ਸ਼ਬਦਾਂ ਦੀ ਤੁਰੰਤ ਮੁਆਫੀ ਮੰਗੋ ਅਤੇ ਅੱਗੇ ਤੋਂ ਅਜਿਹੇ ਵਿਵਾਦਤ ਬਿਆਨ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰੋ।

-PTCNews

Related Post