ਜੰਗ-ਏ-ਅਜ਼ਾਦੀ ਦਾ ਸਿਰਮੌਰ ਹਸਤਾਖਰ - ਸ਼ਹੀਦ ਕਰਤਾਰ ਸਿੰਘ ਸਰਾਭਾ

By  Panesar Harinder May 24th 2020 04:30 PM -- Updated: May 24th 2020 04:31 PM

"ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,

ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।

ਜਿੰਨੇ ਦੇਸ਼ ਦੀ ਸੇਵਾ ਚ ਪੈਰ ਪਾਇਆ,

ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।"

ਇਹ ਸਤਰਾਂ ਲਾਸਾਨੀ ਦੇਸ਼ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੀਆਂ ਲਿਖੀਆਂ ਹੋਈਆਂ ਹਨ। ਉਨ੍ਹਾਂ ਇਨ੍ਹਾਂ ਸਤਰਾਂ ਨੂੰ ਸਿਰਫ਼ ਲਿਖਿਆ ਹੀ ਨਹੀਂ, ਆਪਣੀ ਜ਼ਿੰਦਗੀ 'ਚ ਇਨ੍ਹਾਂ ਲਫ਼ਜ਼ਾਂ ਨੂੰ ਬਾਖੂਬੀ ਨਿਭਾਇਆ ਵੀ। ਜੰਗ-ਏ-ਅਜ਼ਾਦੀ 'ਚ 80 ਫ਼ੀਸਦੀ ਤੋਂ ਵੱਧ ਸ਼ਹਾਦਤਾਂ ਦੇਣ ਵਾਲੇ ਪੰਜਾਬੀਆਂ 'ਚ ਮੋਹਰੀ ਨਾਂਅ ਹੈ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ।

ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਹੈ। ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹੜਾ ਮਹਿਜ਼ 19 ਸਾਲ ਦੀ ਅਣਭੋਲ ਉਮਰੇ ਮਾਂ-ਭੂਮੀ ਲਈ ਆਪਣੀ ਜਾਨ ਵਾਰ ਗਿਆ। ਗ਼ਦਰ ਪਾਰਟੀ ਦਾ ਜੋਸ਼ੀਲਾ ਨੌਜਵਾਨ ਕਰਤਾਰ ਸਿੰਘ ਸਰਾਭਾ ਇੱਕ ਅਜਿਹੀ ਸ਼ਖ਼ਸੀਅਤ ਸੀ ਜਿਸ ਦੀ ਕੀਤੀ ਘਾਲਣਾ ਨੇ ਜੰਗ-ਏ-ਅਜ਼ਾਦੀ 'ਚ ਅਹਿਮ ਪੜਾਅ ਪੈਦਾ ਕੀਤੇ ਅਤੇ ਸ਼ਹੀਦ ਭਗਤ ਸਿੰਘ ਵਰਗੇ ਹੋਰਨਾਂ ਨੌਜਵਾਨ ਦੇਸ਼ਭਗਤਾਂ ਲਈ ਸਰਾਭਾ ਇੱਕ ਆਦਰਸ਼ ਬਣਿਆ।

ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਪਿੰਡ ਸਰਾਭਾ ਜ਼ਿਲਾ ਲੁਧਿਆਣਾ ਵਿਖੇ ਹੋਇਆ। ਕਰਤਾਰ ਸਿੰਘ ਦੇ ਸਿਰੋਂ ਪਿਤਾ ਸ.ਮੰਗਲ ਸਿੰਘ ਦਾ ਸਾਇਆ ਛੋਟੀ ਉਮਰੇ ਹੀ ਉੱਠ ਗਿਆ ਸੀ। ਕਰਤਾਰ ਦਾ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਮੁੱਖ ਤੌਰ 'ਤੇ ਉਨ੍ਹਾਂ ਦੇ ਦਾਦਾ ਜੀ ਨੇ ਨਿਭਾਈ। ਮੁਢਲੀ ਸਿਖਿਆ ਉਨ੍ਹਾਂ ਆਪਣੇ ਜੱਦੀ ਪਿੰਡ ਸਰਾਭਾ ਵਿਖੇ ਲਈ ਅਤੇ ਉਸ ਤੋਂ ਬਾਅਦ ਦਾਖਲਾ ਮਾਲਵਾ ਕਾਲਜ ਲੁਧਿਆਣਾ ਵਿਖੇ ਲਿਆ।

ਮਾਲਵਾ ਕਾਲਜ ਲੁਧਿਆਣਾ ਤੋਂ ਕਰਤਾਰ ਸਿੰਘ ਨੂੰ ਉਨ੍ਹਾਂ ਦੇ ਉੜੀਸਾ ਰਹਿੰਦੇ ਇੱਕ ਚਾਚੇ ਕੋਲ ਭੇਜਿਆ ਗਿਆ ਅਤੇ ਉੱਥੋਂ ਉਨ੍ਹਾਂ ਨੂੰ ਇੱਕ ਸਮੁੰਦਰੀ ਜਹਾਜ਼ ਰਾਹੀਂ ਪੜ੍ਹਾਈ ਕਰਨ ਲਈ ਅਮਰੀਕਾ ਭੇਜ ਦਿੱਤਾ ਗਿਆ। ਅਮਰੀਕਾ ਪਹੁੰਚਦੇ ਹੀ ਜੋ ਮਾਹੌਲ ਜੋ ਹਾਲਾਤ ਉਨ੍ਹਾਂ ਦੇਖੇ ਤੇ ਮਹਿਸੂਸ ਕੀਤੇ, ਉਨ੍ਹਾਂ ਹਾਲਾਤਾਂ ਨੇ ਹੀ ਕਰਤਾਰ ਸਿੰਘ ਸਰਾਭਾ ਅੰਦਰ ਕ੍ਰਾਂਤੀ ਅਤੇ ਦੇਸ਼ਭਗਤੀ ਦੀ ਜੜ੍ਹ ਲਾਈ। ਉਨ੍ਹਾਂ ਜਦੋਂ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਜਵਾਬ ਮਿਲਿਆ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂ ਕਿ ਭਾਰਤੀ ਲੋਕ 'ਗ਼ੁਲਾਮ' ਹਨ।

ਇਸ ਵਰਤਾਰੇ ਤੋਂ ਕਰਤਾਰ ਸਿੰਘ ਸਰਾਭਾ ਨੇ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਦੇ ਮੱਥੇ ਤੋਂ ਇਹ 'ਗ਼ੁਲਾਮੀ' ਦਾ ਕਲੰਕ ਉਤਾਰਨ ਲਈ ਕਮਰ ਕੱਸ ਲਈ ਅਤੇ 1913 ਵਿੱਚ ਗ਼ਦਰ ਪਾਰਟੀ ਨਾਲ ਜੁੜ ਗਏ। ਗ਼ਦਰ ਨਾਂ ਦੇ ਅਖਬਾਰ ਵਿੱਚ ਕਰਤਾਰ ਸਿੰਘ ਸਰਾਭਾ ਦੀਆਂ ਦੇਸ਼ ਭਗਤੀ ਦੀਆਂ ਕਵਿਤਾਵਾਂ ਤੇ ਲੇਖ, ਭਾਰਤੀਆਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਜੂਝਣ ਲਈ ਹਲੂਣਾ ਦੇਣ ਲੱਗੇ।

2 ਮਾਰਚ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ 63 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਦੀ ਸੁਣਵਾਈ ਕਰਨ ਵਾਲੇ ਜੱਜ ਨੇ ਕਰਤਾਰ ਸਿੰਘ ਨੂੰ ਸਭ ਤੋਂ ਖਤਰਨਾਕ ਵਿਦ੍ਰੋਹੀ ਕਰਾਰ ਦਿੰਦੇ ਹੋਏ ਫ਼ਾਂਸੀ ਦੀ ਸਜ਼ਾ ਸੁਣਾਈ ਅਤੇ ਵਤਨਪ੍ਰਸਤੀ ਦੇ ਚਾਨਣ ਮੁਨਾਰੇ, ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ 1915 ਨੂੰ ਲਾਹੌਰ ਵਿੱਚ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

ਅਣਖ ਨਾਲ ਭਰੀ ਪੰਜਾਬ ਦੀ ਜਵਾਨੀ ਦਾ ਚਮਕਦਾ ਉਦਾਹਰਣ ਹੈ ਕਰਤਾਰ ਸਿੰਘ ਸਰਾਭਾ। ਛੋਟੀ ਉਮਰ 'ਚ ਵੱਡਾ ਕਾਰਨਾਮਾ ਤੇ ਵੱਡੀ ਕੁਰਬਾਨੀ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਵਰ੍ਹੇਗੰਢ ਮੌਕੇ, ਅਸੀਂ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦੇ ਹਾਂ।

Related Post