ਸ਼੍ਰੋਮਣੀ ਅਕਾਲੀ ਦਲ ਦੀ ਕੱਲ੍ਹ ਮਾਨਸਾ 'ਚ ਹੋਣ ਵਾਲੀ ਰੈਲੀ ਰੱਦ

By  PTC NEWS March 6th 2020 08:35 PM

ਚੰਡੀਗੜ੍ਹ: ਕਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਮਾਨਸਾ 'ਚ ਹੋਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਤੇ ਬੁਲਾਰੇ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੀ ਸਲਾਹ ਮੁਤਾਬਕ ਮਨੁੱਖਤਾ ਦੇ ਭਲੇ ਲਈ ਮਾਨਸਾ ਰੈਲੀ ਰੱਦ ਕੀਤੀ ਜਾਂਦੀ ਹੈ।

ਬੀਤੇ ਦਿਨ ਵੀ ਅਕਾਲੀ ਦਲ ਨੇ 5 ਕਾਨਫਰੰਸਾਂ ਮੁਲਤਵੀ ਕਰਨ ਦਾ ਫੈਸਲਾ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਟਵਿਟਰ ਅਕਾਊਂਟ ‘ਤੇ ਟਵੀਟ ਕਰ ਲਿਖਿਆ ਸੀ ਕਿ “ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਮਾਰਚ ਨੂੰ ਹੋਲੇ ਮੁਹੱਲੇ ‘ਤੇ ਹੋਣ ਵਾਲੀ ਕਾਨਫ਼ਰੰਸ ਸਮੇਤ ਫ਼ਾਜ਼ਿਲਕਾ ‘ਚ 11 ਮਾਰਚ, ਹੁਸ਼ਿਆਰਪੁਰ ‘ਚ 14 ਮਾਰਚ, ਕਪੂਰਥਲਾ ‘ਚ 18 ਮਾਰਚ ਅਤੇ ਫ਼ਤਿਹਗੜ੍ਹ ਸਾਹਿਬ ‘ਚ 21 ਮਾਰਚ ਨੂੰ ਹੋਣ ਵਾਲੀਆਂ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ 'ਤੇ ਪੰਜਾਬ ਸਰਕਾਰ ਖਿਲਾਫ ਲਗਾਤਾਰ ਹੱਲਾ ਬੋਲਿਆ ਜਾ ਰਿਹਾ ਹੈ, ਜਿਸ ਦੇ ਤਹਿਤ ਪਾਰਟੀ ਵੱਲੋਂ ਸੂਬੇ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਪੰਜਾਬ ਦੇ ਲੋਕਾਂ ਸਾਹਮਣੇ ਕਾਂਗਰਸ ਸਰਕਾਰ ਦੀ ਪੋਲ ਖੋਲੀ ਜਾ ਰਹੀ ਹੈ।

-PTC News

Related Post