ਸ਼੍ਰੋਮਣੀ ਅਕਾਲੀ ਦਲ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਮੰਗਿਆ ਅਸਤੀਫਾ

By  Jashan A April 28th 2019 07:38 PM -- Updated: May 4th 2019 07:38 PM

ਸ਼੍ਰੋਮਣੀ ਅਕਾਲੀ ਦਲ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਮੰਗਿਆ ਅਸਤੀਫਾ,ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਖਿਆ ਕਿ ਉਹ ਆਪਣੇ ਕੈਬਨਿਟ ਦੇ ਸਹਿਯੋਗ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਦੋ ਸਾਲਾਂ ਦੇ ਕਾਂਗਰਸ ਦੇ ਰਾਜ ਵਿਚ 47000 ਕਰੋੜ ਰੁਪਏ ਦਾ ਕਰਜਾ ਲੈਣ ਦਾ ਖੁਲਾਸਾ ਕਰਨ ਮਗਰੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਅਤੇ ਸਨਮਾਨਯੋਗ ਤਰੀਕੇ ਨਾਲ ਇਹ ਪ੍ਰਵਾਨ ਕਰਨ ਕਿ ਪੰਜਾਬ ਦੇ ਵਿੱਤ ਮੰਤਰੀ ਵਜੋਂ ਉਹ ਫੇਲ ਹੋਏ ਹਨ ਅਤੇ ਲੋਕਾਂ ਨੂੰ ਸੱਚਾਈ ਦੱਸਣ।

ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ 'ਚ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਵੱਲੋਂ ਕੇਤ ਖੁਲਾਸਿਆਂ ਨਾਲ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਹ ਸੂਬੇ ਦੇ ਵਿੱਤੀ ਹਾਲਾਤ ਸੁਧਰਨ ਬਾਰੇ ਮਨਪ੍ਰੀਤ ਬਾਦਲ ਵੱਲੋਂ ਵਾਰ ਵਾਰ ਦੁਆਏ ਜਾ ਰਹੇ ਭਰੋਸਿਆਂ ਦੇ ਕਾਰਨ ਚੰਗੇ ਦਿਨਾਂ ਦੀ ਆਸ ਲਗਾਈ ਬੈਠੇ ਸਨ।

ਉਹਨਾਂ ਕਿਹਾ ਕਿ ਸਵਾਲ ਸਿਰਫ 47000 ਕਰੋੜ ਰੁਪਏ ਦਾ ਨਹੀਂ ਹੈ ਬਲਕਿ ਜੇਕਰ ਅਸੀਂ ਸਿੱਧੂ ਦੀ ਗੱਲ 'ਤੇ ਵਿਸ਼ਵਾਸ ਕਰੀਏ ਤਾਂ ਕਾਂਗਰਸ ਦੇ ਰਾਜਕਾਲ ਦੀ ਸਮਾਪਤੀ ਤੱਕ ਪੰਜਾਬ ਸਿਰ 1,17000 ਕਰੋੜ ਰੁਪਏ ਦਾ ਕਰਜਾ ਹੋਰ ਚੜ ਜਾਵੇਗਾ। ਉਹਨਾਂ ਕਿਹਾ ਕਿ ਇਹ ਸੱਚਾਈ ਵਿੱਤੀ ਮਾਮਲਿਆਂ ਵਿਚ ਮਨਪ੍ਰੀਤ ਬਾਦਲ ਵੱਲੋਂ ਦੋ ਸਾਲਾਂ ਤੋਂ ਕੀਤੇ ਜਾ ਰਹੇ ਦਾਅਵਿਆਂ ਤੋਂ ਉਲਟ ਹੈ।

ਹੋਰ ਪੜ੍ਹੋ:ਕਾਂਗਰਸ ਸਰਕਾਰ ਨਵਜੋਤ ਸਿੱਧੂ ਨੂੰ ਕਤਲ ਕੇਸ ਚੋਂ ਬਚਾਉਣ ਲਈ ਜਾਣ ਬੁੱਝ ਕੇ ਜੂਨੀਅਰ ਵਕੀਲ ਲਾ ਰਹੀ ਹੈ: ਮਜੀਠੀਆ

ਮਜੀਠੀਆ ਨੇ ਕਿਹਾ ਕਿ ਜੇਕਰ ਸਿੱਧੂ ਵੱਲੋਂ ਕੀਤੇ ਦਾਅਵੇ ਸਹੀ ਹਨ ਤਾਂ ਫਿਰ ਮਨਪ੍ਰੀਤ ਬਾਦਲ ਨੂੰ ਇਹ ਦੱਸਣਾ ਪਵੇਗਾ ਕਿ ਉਹ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨ ਸਮੇਂ ਇਹ ਜਾਣਕਾਰੀ ਦੇਣ ਵਿਚ ਅਸਫਲ ਕਿਉਂ ਰਹੇ। ਉਹਨਾਂ ਕਿਹਾ ਕਿ ਇਹ ਗਲਤੀ ਨਹੀਂ ਬਲਕਿ ਸਦਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ।ਉਹਨਾਂ ਕਿਹਾ ਕਿ ਬਜਟ ਦੀ ਪੇਸ਼ਕਾਰੀ ਸਮੇਂ ਸੱਚਾਈ ਦੱਸਣ ਦੀ ਥਾਂ ਮਨਪ੍ਰੀਤ ਬਾਦਲ ਨੇ ਆਪਣੇ ਖਰਚਿਆਂ ਦੀ ਬਚਤ ਅਤੇ ਆਮਦਨ ਵਧਣ ਬਾਰੇ ਵੱਡੇ ਵੱਡੇ ਦਾਅਵੇ ਕੀਤੇ ਜਦਕਿ ਸੱਚਾਈ ਇਸ ਤੋਂ ਉਲਟ ਹੈ।

ਮਜੀਠੀਆ ਨੇ ਕਿਹਾ ਕਿ ਇਸ ਸਰਕਾਰ ਨੇ ਪਹਿਲਾਂ ਹੀ ਕਿਸਾਨਾਂ, ਨੌਜਵਾਨਾਂ, ਦਲਿਤਾਂ, ਮੁਲਾਜ਼ਮਾਂ ਤੇ ਸਮਾਜ ਦੇ ਤਕਰੀਬਨ ਹਰ ਵਰਗੇ ਨਾਲ ਕੀਤੇ ਵਾਅਦੇ ਨਾ ਨਿਭਾ ਕੇ ਧੋਖਾ ਕੀਤਾ ਹੈ ਅਤੇ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋ ਸਾਲਾਂ ਵਿਚ 47000 ਕਰੋੜ ਰੁਪਏ ਕਿਥੇ ਖਰਚ ਕੀਤੇ ਗਏ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕੰਮਕਾਜ ਤੋਂ ਸਪਸ਼ਟ ਹੈ ਕਿ ਦੋ ਸਾਲਾਂ ਵਿਚ ਇਕ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਕੀਤਾ ਗਿਆ, ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮਾਮਲੇ 'ਤੇ ਅੱਖਾਂ ਵਿਚ ਘੱਟਾ ਪਾਇਆ ਗਿਆ ਅਤੇ ਭਲਾਈ ਸਕੀਮਾਂ 'ਤੇ ਇਕ ਫੁੱਟੀ ਕੌਡੀ ਵੀ ਖਰਚ ਨਹੀਂ ਕੀਤੀ ਗਈ ਤਾਂ ਫਿਰ ਆਖਿਰ ਇਹ ਪੈਸਾ ਗਿਆ ਕਿਥੇ ? ਉਹਨਾਂ ਕਿਹਾ ਕਿ ਰਾਜ ਦੇ ਲੋਕ ਕਾਂਗਰਸ ਸਰਕਾਰ ਦੇ ਇਸ ਕਰਜ਼ੇ ਲੈਣ ਦੀ ਮੁਹਿੰਮ ਦਾ ਸੱਚ ਜਾਣਨਾ ਚਾਹੁੰਦੇ ਹਨ।

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪਾਲ ਨੂੰ ਲੋਕਤੰਤਰ ਅਤੇ ਲੋਕਤੰਤਰੀ ਸੰਸਥਾਵਾਂ ਦੀ ਰਾਖੀ ਦੀ ਅਪੀਲ

ਅਕਾਲੀ ਨੇਤਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਮਨਪ੍ਰੀਤ ਸਿੰਘ ਬਾਦਲ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਵਿੱਤ ਮੰਤਰੀ ਹਨ ਜੋ ਸਮਾਜ ਦੇ ਇਕ ਵੀ ਵਰਗ ਨੂੰ ਰਾਹਤ ਦੇਣ ਵਿਚ ਅਸਫਲ ਰਹੇ ਹਨ। ਉਹਨਾਂ ਕਿਹਾ ਕਿ ਮੁਲਾਜ਼ਮ ਡੀ ਏ ਦੀ ਉਡੀਕ ਕਰ ਰਹੇ ਹਨ, ਕਿਸਾਨ ਕਰਜ਼ਾ ਮੁਆਫੀ ਦੀ ਉਡੀਕ ਵਿਚ ਹਨ, ਨੌਜਵਾਨ ਨੌਕਰੀਆਂ ਦੀ ਉਡੀਕ ਕਰ ਰਹੇ ਹਨ, ਪੰਜਾਬ ਵਿਚ ਬਿਜਲੀ ਦੀ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ, ਉਦਯੋਗ ਰਾਹਤ ਦੀ ਉਡੀਕ ਵਿਚ ਹੈ ਅਤੇ ਸੱਚਾਈ ਇਹ ਹੈ ਕਿ ਸਮਾਜ ਦਾ ਹਰ ਵਰਗ ਇਸ ਸਰਕਾਰ ਦੀਆਂ ਅਸਫਲ ਨੀਤੀਆਂ ਦੀ ਮਾਰ ਝੱਲ ਰਿਹਾ ਹੈ ਜਿਸ ਵਿਚ ਵਿੱਤ ਦਾ ਕੰਮ ਸੰਭਾਲਣ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬੁਰੀ ਤਰ੍ਹਾਂ ਅਸਫਲ ਰਹੇ ਹਨ।

-PTC News

Related Post