Shubman Gill Dengue positive: ਡੇਂਗੂ ਦੀ ਲਪੇਟ 'ਚ ਆਏ ਸ਼ੁਭਮਨ ਗਿੱਲ, ਵਿਸ਼ਵ ਕੱਪ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ...
Shubman Gill Dengue positive: ਟੀਮ ਇੰਡੀਆ ਦੇ ਕ੍ਰਿਕਟਰ ਸ਼ੁਭਮਨ ਗਿੱਲ ਦਾ ਡੇਂਗੂ ਟੈਸਟ ਪਾਜ਼ੇਟਿਵ ਆਇਆ ਹੈ। ਜਿਸ ਤੋਂ ਬਾਅਦ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ ਮੈਚ 'ਚ ਉਸ ਦਾ ਖੇਡਣਾ ਸ਼ੱਕੀ ਹੈ। ਟੀਮ ਪ੍ਰਬੰਧਨ ਸ਼ੁੱਕਰਵਾਰ ਨੂੰ ਕੁਝ ਟੈਸਟਿੰਗ ਤੋਂ ਬਾਅਦ ਸਟਾਰ ਬੱਲੇਬਾਜ਼ ਦੀ ਉਪਲਬਧਤਾ 'ਤੇ ਫੈਸਲਾ ਕਰੇਗਾ। ਉਹ ਆਸਟ੍ਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਬੀਮਾਰ ਹੋ ਗਏ ਹਨ। ਅਜਿਹੇ 'ਚ ਭਾਰਤੀ ਟੀਮ ਲਈ ਇਸ ਨੂੰ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਕੀ ਉਹ ਪਹਿਲਾ ਮੈਚ ਖੇਡ ਸਕੇਗਾ ਜਾਂ ਨਹੀਂ? ਇਸ ਸਬੰਧ 'ਚ ਸਥਿਤੀ ਸਪੱਸ਼ਟ ਨਹੀਂ ਹੈ ਪਰ ਬੀਸੀਸੀਆਈ ਦੀ ਮੈਡੀਕਲ ਟੀਮ ਇਸ ਸਟਾਰ ਬੱਲੇਬਾਜ਼ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਭਾਰਤੀ ਟੀਮ ਐਤਵਾਰ ਨੂੰ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ। ਅਜਿਹੇ 'ਚ ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਬਿਨਾਂ ਮੈਦਾਨ 'ਚ ਉਤਰ ਸਕਦੀ ਹੈ। ਮੀਡੀਆ ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਟੀਮ ਇੰਡੀਆ ਦੇ ਇਸ ਸਟਾਰ ਬੱਲੇਬਾਜ਼ ਨੇ ਵੀਰਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ 'ਚ ਟੀਮ ਇੰਡੀਆ ਦੇ ਨੈੱਟ ਸੈਸ਼ਨ 'ਚ ਵੀ ਹਿੱਸਾ ਨਹੀਂ ਲਿਆ। ਇਸ ਤੋਂ ਬਾਅਦ ਡੇਂਗੂ ਸਬੰਧੀ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਟੀਮ ਇੰਡੀਆ ਦੇ ਪ੍ਰਬੰਧਕ ਗਿੱਲ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਸ਼ੁੱਕਰਵਾਰ ਨੂੰ ਟੈਸਟਿੰਗ ਦਾ ਇੱਕ ਹੋਰ ਦੌਰ ਕੀਤਾ ਜਾਵੇਗਾ, ਇਸ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਸ਼ੁਭਮਨ ਗਿੱਲ ਕੰਗਾਰੂ ਟੀਮ ਖਿਲਾਫ ਖੇਡਣਗੇ ਜਾਂ ਨਹੀਂ।
ਜੇਕਰ ਸ਼ੁਭਮਨ ਗਿੱਲ ਚੇਨਈ ਦੇ ਚੇਪੌਕ 'ਚ ਆਸਟ੍ਰੇਲੀਆ ਖਿਲਾਫ਼ ਨਹੀਂ ਖੇਡ ਸਕੇ ਤਾਂ ਵੱਡਾ ਸਵਾਲ ਇਹ ਹੈ ਕਿ ਇਸ ਮੈਚ 'ਚ ਟੀਮ ਇੰਡੀਆ ਲਈ ਓਪਨਿੰਗ ਕੌਣ ਕਰੇਗਾ? ਅਜਿਹੇ 'ਚ ਇਸ ਮਹੱਤਵਪੂਰਨ ਮੈਚ 'ਚ ਰੋਹਿਤ ਸ਼ਰਮਾ ਦੇ ਨਾਲ ਉਸਦੀ ਜਗ੍ਹਾ ਈਸ਼ਾਨ ਕਿਸ਼ਨ ਓਪਨ ਕਰ ਸਕਦੇ ਹਨ।
ਇਕ ਹੋਰ ਦਾਅਵੇਦਾਰ ਕੇ.ਐੱਲ ਰਾਹੁਲ ਵੀ ਹੈ ਕਿਉਂਕਿ ਏਸ਼ੀਆ ਕੱਪ 'ਚ ਵਾਪਸੀ ਤੋਂ ਬਾਅਦ ਉਹ ਸ਼ਾਨਦਾਰ ਫਾਰਮ 'ਚ ਹੈ। ਪਰ ਜੇਕਰ ਗਿੱਲ ਕਿਸੇ ਵੀ ਹਾਲਤ 'ਚ ਨਹੀਂ ਖੇਡਦਾ ਤਾਂ ਇਹ ਭਾਰਤ ਲਈ ਵੱਡਾ ਝਟਕਾ ਹੋਵੇਗਾ।
ਗਿੱਲ ਨੇ ਇਸ ਸਾਲ ਦੀ ਸ਼ੁਰੂਆਤ 'ਚ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ ਸੀ। ਵੈਸਟਇੰਡੀਜ਼ ਦੌਰੇ 'ਚ ਆਪਣੇ ਖਰਾਬ ਪ੍ਰਦਰਸ਼ਨ ਨੂੰ ਛੱਡ ਕੇ ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਉਹ ਇੱਕ ਵੱਖਰੇ ਰੰਗ ਵਿੱਚ ਸੀ। ਜਿੱਥੇ ਉਹ ਇਸ ਸੀਜ਼ਨ 'ਚ 890 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਸ ਨੇ ਹਾਲ ਹੀ ਵਿੱਚ ਹੋਏ ਏਸ਼ੀਆ ਕੱਪ ਵਿੱਚ ਵੀ 302 ਦੌੜਾਂ ਬਣਾਈਆਂ ਸਨ। ਆਪਣੀਆਂ ਪਿਛਲੀਆਂ ਕੁਝ ਪਾਰੀਆਂ ਵਿੱਚ ਗਿੱਲ ਦੇ ਸਕੋਰ 104, 74, 27*, 121, 19, 58 ਅਤੇ 67* ਰਹੇ ਹਨ।
ਸ਼ੁਭਮਨ ਗਿੱਲ ਦੇ ਰਿਕਾਰਡ ਅਤੇ ਅੰਕੜੇ
ਸ਼ੁਭਮਨ ਗਿੱਲ ਨੇ 35 ਵਨਡੇ ਖੇਡੇ ਹਨ, ਜਿਸ ਵਿੱਚ ਉਹ ਹੁਣ ਤੱਕ 66.10 ਦੀ ਔਸਤ ਅਤੇ 102.84 ਦੇ ਸਟ੍ਰਾਈਕ ਰੇਟ ਨਾਲ ਆਪਣੇ ਬੱਲੇ ਨਾਲ 1917 ਦੌੜਾਂ ਬਣਾ ਚੁੱਕੇ ਹਨ। ਵਨਡੇ 'ਚ ਉਨ੍ਹਾਂ ਦੇ ਨਾਂ 6 ਸੈਂਕੜੇ ਅਤੇ 9 ਅਰਧ ਸੈਂਕੜੇ ਦਰਜ ਹਨ। ਅਜਿਹੇ 'ਚ ਵਨਡੇ 'ਚ ਉਸ ਦਾ ਟੀਮ 'ਚ ਹੋਣਾ ਬਹੁਤ ਜ਼ਰੂਰੀ ਹੈ। ਉਥੇ ਹੀ ਸ਼ੁਭਮਨ ਗਿੱਲ ਨੇ 11 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 11 ਮੈਚਾਂ 'ਚ 30.40 ਦੀ ਔਸਤ ਨਾਲ 304 ਦੌੜਾਂ ਬਣਾਈਆਂ ਹਨ। ਜਦਕਿ 18 ਟੈਸਟ ਮੈਚਾਂ ਦੀਆਂ 33 ਪਾਰੀਆਂ 'ਚ ਗਿੱਲ ਨੇ 32.20 ਦੀ ਔਸਤ ਨਾਲ 966 ਦੌੜਾਂ ਬਣਾਈਆਂ ਹਨ।
- PTC NEWS