SKM ਦਾ ਵੱਡਾ ਐਲਾਨ, ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ ਦੇਸ਼ ਭਰ 'ਚ ਕੱਢਿਆ ਜਾਵੇਗਾ 'ਰਾਜਭਵਨ ਮਾਰਚ'

By  Jasmeet Singh October 25th 2022 06:48 PM -- Updated: October 25th 2022 06:53 PM

ਨਵੀਂ ਦਿੱਲੀ, 25 ਅਕਤੂਬਰ: ਕਿਸਾਨ ਅੰਦੋਲਨ ਦੀ ਯਾਦ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨਵੰਬਰ ਨੂੰ ਦੇਸ਼ ਭਰ ਵਿੱਚ ਸੂਬਾ ਇਕਾਈਆਂ ਵੱਲੋਂ 'ਰਾਜਭਵਨ ਮਾਰਚ' ਕੱਢੇ ਜਾਣਗੇ। SKM ਦੀ ਤਾਲਮੇਲ ਕਮੇਟੀ ਅਤੇ ਡਰਾਫਟ ਕਮੇਟੀ ਦੀ ਆਨਲਾਈਨ ਮੀਟਿੰਗ ਮੰਗਲਵਾਰ ਨੂੰ ਸਮਾਪਤ ਹੋਈ। ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਦੂਸਰੀ ਵਰੇਗੰਢ ਮੌਕੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਕਿਸਾਨਾਂ ਵੱਲੋਂ ਰਾਜਭਵਨ ਤੱਕ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਰਾਜਭਵਨ ਮਾਰਚ ਦੀਆਂ ਤਿਆਰੀਆਂ ਮੁਕੰਮਲ ਹਨ। ਵੱਖ-ਵੱਖ ਰਾਜਾਂ ਅਤੇ ਸਾਰੇ ਸੂਬਿਆਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜਭਵਨ ਮਾਰਚ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ 14 ਨਵੰਬਰ ਨੂੰ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਰਾਜਪਾਲ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰ ਦੇ ਮੁੱਦਿਆਂ ਨੂੰ ਵੀ ਅੰਤਿਮ ਰੂਪ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਤਾਲਮੇਲ ਕਮੇਟੀ ਅਤੇ ਡਰਾਫਟ ਕਮੇਟੀ ਦੇ ਮੈਂਬਰਾਂ ਵਿਚਕਾਰ ਚਰਚਾ ਚੱਲ ਰਹੀ ਹੈ। ਇਸ ਖਰੜੇ ਨੂੰ ਜਨਰਲ ਬਾਡੀ ਦੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਇਹ ਵੀ ਪੜ੍ਹੋ: ਮਲਿਕਾਅਰਜੁਨ ਖੜਗੇ ਦੇ ਹੱਥ ਭਲਕੇ ਤੋਂ ਹੋਵੇਗੀ ਕਾਂਗਰਸ ਪ੍ਰਧਾਨ ਦੀ ਕਮਾਨ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਜੰਗਲਾਤ ਸੰਭਾਲ ਕਾਨੂੰਨ ਵਿੱਚ ਕੀਤੀਆਂ ਜਾ ਰਹੀਆਂ ਸੋਧਾਂ ਦੀ ਨਿਖੇਧੀ ਕੀਤੀ ਗਈ ਅਤੇ ਸ਼ਹੀਦ ਬਿਰਸਾ ਮੁੰਡਾ ਦੇ ਜਨਮ ਦਿਨ 15 ਨਵੰਬਰ ਨੂੰ ਇਸ ਵਿਰੁੱਧ ਦੇਸ਼ ਭਰ ਵਿੱਚ ਆਦਿਵਾਸੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨਾਲ ਇਕਮੁੱਠਤਾ ਪ੍ਰਗਟਾਉਣ ਦਾ ਵੀ ਫੈਸਲਾ ਕੀਤਾ ਗਿਆ। -PTC News

Related Post