ਗੁਰਦੁਆਰਾ ਸਾਹਿਬਾਨ ਨੂੰ ਸਟੇਟ ਜੀ.ਐਸ.ਟੀ. ਤੋਂ ਮੁਕਤ ਕਰਨ ਦੀ ਕੀਤੀ ਮੰਗ

By  Joshi July 14th 2017 03:57 PM -- Updated: July 14th 2017 05:25 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਨੂੰ ਸਟੇਟ ਜੀ.ਐਸ.ਟੀ. ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ। ਪ੍ਰੋ: ਬਡੂੰਗਰ ਨੇ ਪੱਤਰ ਵਿਚ ਲਿਖਿਆ ਕਿ ਗੁਰੂ ਘਰ ਦੀ ਆਮਦਨ ਦਾ ਮੁੱਖ ਸਾਧਨ ਸੰਗਤਾਂ ਦੁਆਰਾ ਚੜ੍ਹਾਵੇ ਦੇ ਰੂਪ ਵਿਚ ਗੋਲਕ ਵਿਚ ਪਾਈ ਜਾਂਦੀ ਮਾਇਆ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਐਕਟ ੧੯੨੫ ਦੇ ਨਿਯਮਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ, ਲੰਗਰ, ਗਰੀਬ ਤੇ ਪੀੜਤਾਂ ਦੀ ਮਾਇਕ ਸਹਾਇਤਾ, ਕੈਂਸਰ ਮਰੀਜ਼ਾਂ ਦੇ ਇਲਾਜ ਲਈ ਸਹਾਇਤਾ, ਧਰਮ ਪ੍ਰਚਾਰ, ਵਿੱਦਿਆ, ਖੇਡਾਂ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਤਖਤ ਸਾਹਿਬਾਨ ਅਤੇ ਹੋਰ ਗੁਰਦੁਆਰਾ ਸਾਹਿਬਾਨ ਲਈ ਲੰਗਰ ਸਮੇਤ ਹੋਰ ਸਮਾਨ ਦੀ ਖ੍ਰੀਦ ਨੂੰ ਪੰਜਾਬ ਸਰਕਾਰ ਵੱਲੋਂ ੨੦੦੫ ਤੇ ੨੦੦੮ ਵਿਚ ਨੋਟੀਫਿਕੇਸ਼ਨ ਰਾਹੀਂ ਵੈਟ ਟੈਕਸ ਤੋਂ ਮੁਕਤ ਕੀਤਾ ਸੀ। ਪਰ ਹੁਣ ਦੇਸ਼ ਵਿਚ ਨਵੀਂ ਕਰ ਪ੍ਰਣਾਲੀ ਰਾਹੀਂ ਜੀ.ਐਸ.ਟੀ. ਨੂੰ ਲਾਗੂ ਕਰ ਦਿੱਤਾ ਗਿਆ ਹੈ। ਜੀ.ਐਸ.ਟੀ. ਲਾਗੂ ਹੋਣ ਨਾਲ ਗੁਰਦੁਆਰਾ ਸਾਹਿਬਾਨ ਉਪਰ ਲਗਭਗ ੧੦ ਕਰੋੜ ਰੁਪਏ ਦਾ ਵਾਧੂ ਆਰਥਿਕ ਬੋਝ ਪਵੇਗਾ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਨੂੰ ਪੱਤਰ ਵਿਚ ਲਿਖਿਆ ਕਿ ਜੀ.ਐਸ.ਟੀ. ਟੈਕਸ ਦੇ ਦੋ ਭਾਗ ਹਨ, ਇੱਕ ਰਾਜ ਜੀ.ਐਸ.ਟੀ. ਅਤੇ ਦੂਜਾ ਕੇਂਦਰੀ ਜੀ.ਐਸ.ਟੀ.। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪਿਛਲੀ ਸਰਕਾਰ ਵੱਲੋਂ ਗੁਰਦੁਆਰਾ ਸਾਹਿਬਾਨ ਨੂੰ ਦਿੱਤੀ ਵੈਟ ਟੈਕਸ ਤੋਂ ਮੁਆਫੀ ਦੀ ਤਰਜ਼ ਪੁਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਰੋਪੜ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਲੰਗਰ ਲਈ ਖ੍ਰੀਦੀਆਂ ਜਾਂਦੀਆਂ ਵਸਤਾਂ ਅਤੇ ਹੋਰ ਸਮਾਨ ਉਪਰ ਲੱਗਣ ਵਾਲੇ ਸਟੇਟ ਜੀ.ਐਸ.ਟੀ. ਜੋ ਕਿ ਮੁਕੰਮਲ ਰੂਪ ਵਿਚ ਪੰਜਾਬ ਸਰਕਾਰ ਦੇ ਹੱਥ ਵਿਚ ਹੈ, ਤੋਂ ਛੋਟ ਦਿੱਤੀ ਜਾਵੇ। —PTC News

Related Post