ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਹੋਲੇ-ਮਹੱਲੇ ਤੇ ਹੋਲੀ ਦੀ ਦਿੱਤੀ ਮੁਬਾਰਕਬਾਦ

By  Jashan A March 10th 2020 11:33 AM

ਚੰਡੀਗੜ੍ਹ: ਦੇਸ਼ ਭਰ 'ਚ ਅੱਜ ਜਿਥੇ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀਆਂ ਰੌਣਕਾਂ ਬਰਕਰਾਰ ਹਨ। ਇਸ ਮੌਕੇ ਕਈ ਸਿਆਸੀ ਆਗੂਆਂ ਵੱਲੋਂ ਲੋਕਾਂ ਨੂੰ ਹੋਲੇ-ਮਹੱਲੇ ਤੇ ਹੋਲੀ ਦੀ ਮੁਬਾਰਕਬਾਦ ਦੇ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਲੋਕਾਂ ਨੂੰ ਹੋਲੀ ਅਤੇ ਹੋਲੇ-ਮਹੱਲੇ ਦੀਆਂ ਵਧਾਈਆਂ ਦਿੱਤੀਆਂ ਹਨ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ "ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ-ਮਹੱਲੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਹੋਲੇ-ਮਹੱਲੇ ਦੀ ਪਰੰਪਰਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਕੌਮ ਅੰਦਰ ਭਗਤੀ ਤੇ ਸ਼ਕਤੀ ਦੇ ਸਰਬੋਤਮ ਸੁਮੇਲ ਅਤੇ ਸ਼ਸਤਰ ਦੇ ਉੱਤਮ ਪ੍ਰਯੋਗ ਦਾ ਸੰਕੇਤਕ ਪ੍ਰਗਟਾਵਾ ਹੈ।"

ਹੋਰ ਪੜ੍ਹੋ:ਕੈਪਟਨ ਵੱਲੋਂ ਮਾਛੀਵਾੜਾ ਲਈ ਵਿਕਾਸ ਪ੍ਰਾਜੈਕਟਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈਆਂ ਦੀ ਯਾਦਗਾਰ ਦਾ ਐਲਾਨ

ਉਹਨਾਂ ਆਪਣੀ ਦੂਸਰੀ ਪੋਸਟ 'ਚ ਲੋਕਾਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ, "ਆਓ ਰੰਗਾਂ ਭਰਿਆ ਹੋਲੀ ਦਾ ਤਿਉਹਾਰ ਪਿਆਰ ਨਾਲ ਮਨਾਈਏ, ਅਤੇ ਇੱਕ ਦੂਜੇ ਦੀਆਂ ਜ਼ਿੰਦਗੀਆਂ ਨੂੰ ਖੁਸ਼ਹਾਲੀ 'ਚ ਰੰਗਣ ਲਈ ਸਾਥ ਨਿਭਾਈਏ। ਹੋਲੀ ਮੁਬਾਰਕ !"

ਉਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ "ਖਾਲਸਾ ਪੰਥ ਦੀ ਯੁੱਧ ਕਲਾ ਦੇ ਵਿਰਾਸਤੀ ਤਿਉਹਾਰ ਹੋਲੇ-ਮਹੱਲੇ ਦੀਆਂ ਦੇਸ਼-ਵਿਦੇਸ਼ ਵਸਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਰੰਭਿਆ ਇਹ ਤਿਉਹਾਰ ਸਿੱਖ ਕੌਮ ਨੂੰ ਜੰਗੀ ਨਿਪੁੰਨਤਾ, ਸ਼ਸਤਰ ਗਿਆਨ, ਚੜ੍ਹਦੀਕਲਾ ਅਤੇ ਕੁਰਬਾਨੀ ਨਾਲ ਭਰਪੂਰ ਕਰਨ ਦਾ ਨਿਵੇਕਲਾ ਉਪਰਾਲਾ ਸਾਬਤ ਹੋਇਆ।"

ਉਹਨਾਂ ਆਪਣੀ ਦੂਸਰੀ ਪੋਸਟ 'ਚ ਲੋਕਾਂ ਨੂੰ ਹੋਲੀ ਦੀਆਂ ਵਧਾਈਆਂ ਦਿੰਦਿਆਂ ਲਿਖਿਆ ਕਿ "ਹੋਲੀ ਦੇ ਇਸ ਸ਼ੁਭ ਮੌਕੇ, ਮੇਰੀਆਂ ਸ਼ੁਭਕਾਮਨਾਵਾਂ ਹਨ ਕਿ ਤੁਹਾਡੀ ਜ਼ਿੰਦਗੀ ਦੀ ਕਲਾਕ੍ਰਿਤੀ ਖੁਸ਼ਹਾਲੀ ਦੇ ਪੱਕੇ ਰੰਗਾਂ ਨਾਲ ਰੰਗੀ ਜਾਵੇ। ਹੋਲੀ ਦੀਆਂ ਮੁਬਾਰਕਾਂ!"

-PTC News

Related Post