ਸੁਖਬੀਰ ਸਿੰਘ ਬਾਦਲ ਵੱਲੋਂ ਫਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਨੂੰ ਹਰਿਆਣਾ ਦੀ ਤਰਜ਼ ਉੱਤੇ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਮੰਗ

By  Shanker Badra May 8th 2020 08:10 PM

ਸੁਖਬੀਰ ਸਿੰਘ ਬਾਦਲ ਵੱਲੋਂ ਫਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਨੂੰ ਹਰਿਆਣਾ ਦੀ ਤਰਜ਼ ਉੱਤੇ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਮੰਗ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਸੂਬੇ ਅੰਦਰ ਫਸਲੀ ਵਿਭਿੰਨਤਾ ਨੂੰ ਹੱਲਾਸ਼ੇਰੀ ਦੇਣ ਲਈ ਝੋਨੇ ਨੂੰ ਛੱਡ ਕੇ ਮੱਕੀ ਸਮੇਤ ਬਦਲਵੀਆਂ ਫਸਲਾਂ ਬੀਜਣ ਵਾਲੇ ਸਾਰੇ ਕਿਸਾਨਾਂ ਨੂੰ ਹਰਿਆਣਾ ਦੀ ਤਰਜ਼ ਉੱਤੇ 10 ਹਜ਼ਾਰ ਰੁਪਏ ਪ੍ਰਤੀ ਏਕੜ ਹੌਂਸਲਾ ਵਧਾਊ ਰਾਸ਼ੀ ਪ੍ਰਦਾਨ ਕਰਨ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਐਲਾਨ ਕਰਨ ਲਈ ਵੀ ਆਖਿਆ ਕਿ ਮੱਕੀ ਦੀ ਫਸਲ ਦੀ ਘੱਟੋ -ਘੱਟ ਸਮਰਥਨ ਮੁੱਲ ਉੱਤੇ ਸਰਕਾਰ ਦੁਆਰਾ ਖਰੀਦੀ ਜਾਵੇਗੀ, ਜਿਸ ਤਰ੍ਹਾਂ ਕਿ ਫਸਲੀ ਵਿਭਿੰਨਤਾ ਦੀ ਸਕੀਮ ਨੂੰ ਕਾਮਯਾਬ ਬਣਾਉਣ ਲਈ ਹਰਿਆਣਾ ਸਰਕਾਰ ਦੁਆਰਾ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਝੋਨੇ ਦੀ ਬਿਜਾਈ ਸੀਜ਼ਨ ਦੌਰਾਨ ਮਜ਼ਦੂਰਾਂ ਦੀ ਕਮੀ ਅਤੇ ਘਟ ਰਹੇ ਜ਼ਮੀਨ ਹੇਠਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਇਹ ਦੋਵੇਂ ਕਦਮ ਬਹੁਤ ਜਰੂਰੀ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਵੱਧ ਪਾਣੀ ਖਿੱਚ ਚੁੱਕੇ ਬਲਾਕਾਂ ਅੰਦਰ ਇਹ ਸਕੀਮ ਲਾਗੂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ  ਕੰਢੀ ਖੇਤਰ ਸਮੇਤ ਜਿਹਨਾਂ ਖੇਤਰਾਂ ਵਿਚ ਰਵਾਇਤੀ ਤੌਰ ਤੇ ਝੋਨਾ ਨਹੀਂ ਬੀਜਿਆ ਜਾਂਦਾ ਸੀ,ਉੱਥੇ ਦੇ ਕਿਸਾਨ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ। ਉਹਨਾਂ ਝੋਨੇ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਅਜਿਹੀ ਕਿਸਾਨ-ਪੱਖੀ ਸਕੀਮ ਲਿਆਉਣ ਲਈ ਹਰਿਆਣਾ ਸਰਕਾਰ ਦੀ ਸ਼ਲਾਘਾ ਕੀਤੀ।

ਇਸੇ ਦੌਰਾਨ ਸਰਦਾਰ ਬਾਦਲ ਨੇ ਇਸ ਗੱਲ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ ਕਰਵਾਉਣ ਸਬੰਧੀ ਉਹਨਾਂ ਦੇ ਮਸ਼ਵਰੇ ਨੂੰ ਕਿਸਾਨਾਂ ਨਾਲ ਨਹੀਂ ਵਿਚਾਰਿਆ ਹੈ। ਉਹਨਾਂ ਕਿਹਾ ਕਿ ਝੋਨੇ ਦੀ ਬਿਜਾਈ ਅਗੇਤੀ ਕਰਨ ਦੇ ਦੋ ਫਾਇਦੇ ਹਨ। ਇੱਕ ਤਾਂ ਇਸ ਨਾਲ ਪੰਜਾਬ ਅੰਦਰ ਮੌਜੂਦ ਮਜ਼ਦੂਰਾਂ ਨਾਲ ਹੀ ਹੌਲੀ  ਹੌਲੀ ਝੋਨੇ ਦੀ ਬਿਜਾਈ ਹੋ ਜਾਵੇਗੀ। ਦੂਜਾ ਇਸ ਨਾਲ ਪਰਵਾਸੀ ਮਜ਼ਦੂਰਾਂ ਨੁੰ ਇੱਥੇ ਹੀ ਰਹਿਣ ਦੀ ਪ੍ਰੇਰਣਾ ਮਿਲੇਗੀ, ਕਿਉਂਕਿ ਝੋਨੇ ਦੀਆਂ ਨਰਸਰੀਆਂ ਤਿਆਰ ਕਰਨ ਦਾ ਕੰਮ ਇਕਦਮ ਸ਼ੁਰੂ ਹੋ ਜਾਵੇਗਾ।

ਸਰਦਾਰ ਬਾਦਲ ਨੇ ਮੁੱਖ ਮੰਂਤਰੀ ਨੂੰ ਇਹ ਵੀ ਆਖਿਆ ਕਿ ਉਹ ਦਖ਼ਲ ਦੇ ਕੇ ਇਹ ਯਕੀਨੀ ਬਣਾਉਣ ਕਿ ਜੇਕਰ ਕਿਸਾਨ ਪੂਸਾ-44 ਝੋਨਾ ਬੀਜਦੇ ਹਨ ਤਾਂ ਇਸ ਦੀ ਵਿਕਰੀ ਵਿਚ ਕੋਈ ਸਮੱਸਿਆ ਨਹੀਂ ਆਵੇਗੀ। ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਇਸ ਨੂੰ ਆਪਣੀਆਂ ਸਿਫਾਰਿਸ਼ ਕੀਤੀਆਂ ਵੰਨਗੀਆਂ ਦੀ ਸੂਚੀ ਵਿਚੋਂ ਹਟਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਡਰ ਹੈ ਕਿ ਇਸ ਨੂੰ ਸਰਕਾਰੀ ਖਰੀਦ ਏਜੰਸੀਆਂ ਦੁਆਰਾ ਖਰੀਦਿਆ ਨਹੀਂ ਜਾਵੇਗਾ, ਕਿਉਂਕਿ ਇਸ ਪੱਕਣ ਵਿਚ 20 ਦਿਨ ਵਾਧੂ ਲੈਂਦੀ ਹੈ।ਉਹਨਾਂ ਕਿਹਾ ਕਿ ਇਸੇ ਕਰਕੇ ਸਰਦੀਆਂ ਸ਼ੁਰੂ ਹੁੰਦੇ ਹੀ ਇਸ ਵੰਨਗੀ ਅੰਦਰ ਨਮੀ ਦੀ ਮਾਤਰਾ ਵਧ ਜਾਂਦੀ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਝੋਨੇ ਦੀ ਬਿਜਾਈ ਅਗੇਤੀ ਕਰ ਦਿੱਤੀ ਜਾਵੇ ਤਾਂ ਇਸ ਵੰਨਗੀ ਨੂੰ ਆਸਾਨੀ ਨਾਲ ਬੀਜਿਆ ਜਾ ਸਕਦਾ ਹੈ ਅਤੇ ਸਭ ਤੋਂ ਵੱਧ ਝਾੜ ਦੇਣ ਵਾਲੀ ਕਿਸਮ ਹੋਣ ਕਰਕੇ ਅਜਿਹਾ ਕਰਨਾ ਜਰੂਰੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨ ਕਰੋੜਾਂ ਰੁਪਏ ਦਾ ਪੂਸਾ-44 ਦਾ ਬੀਜ ਖਰੀਦ ਚੁੱਕੇ ਹਨ।

ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਸੂਬੇ ਅੰਦਰ ਝੋਨਾ ਬੀਜਣ ਵਾਲੀਆਂ ਮਸ਼ੀਨਾਂ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਦੀ ਗਿਣਤੀ ਵਧਾਉਣ ਲਈ ਲੋੜੀਂਦੇ ਕਦਮ ਚੁੱਕਣ ਤਾਂ ਕਿ ਮਜ਼ਦੂਰਾਂ ਦੀ ਕਮੀ ਨੂੰ ਕੁੱਝ ਹੱਦ ਤਕ ਮਸ਼ੀਨਾਂ ਨਾਲ ਪੂਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਝੋਨਾ ਬੀਜਣ ਵਾਲੀਆਂ ਮਸ਼ੀਨਾਂ 75 ਫੀਸਦੀ ਸਬਸਿਡੀ ਉਤੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਟਰਾਂਸਪਲਾਂਟਰਜ਼ ਵੀ ਖਰੀਦਣੇ ਚਾਹੀਦੇ ਹਨ ਅਤੇ ਸਹਿਕਾਰੀ ਸਭਾਵਾਂ ਨੂੰ ਦੇਣੇ ਚਾਹੀਦੇ ਹਨ ਤਾਂ ਕਿ ਕਿਸਾਨ ਇਹਨਾਂ ਦੀ ਵਰਤੋਂ ਕਰ ਸਕਣ।ਸਰਦਾਰ ਬਾਦਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ  ਸ਼ਬਜ਼ੀ ਕਾਸ਼ਤਕਾਰਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਕੁੱਝ ਨਹੀਂ ਕੀਤਾ ਗਿਆ ਹੈ, ਜੋ ਕਿ ਕੋਵਿਡ-19 ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਸਿੱਧਾ ਮੁਆਵਜ਼ਾ ਦੇਣ ਤੋਂ ਇਲਾਵਾ, ਸਰਕਾਰ ਨੂੰ ਦੁੱਧ ਦਾ ਖਰੀਦ ਮੁੱਲ ਵੀ ਤੁਰੰਤ ਵਧਾਉਣਾ ਚਾਹੀਦਾ ਹੈ ਤਾਂ ਕਿ ਵਧੀਆਂ ਲਾਗਤਾਂ ਕਰਕੇ ਡੇਅਰੀ ਉਤਪਾਦਕਾਂ ਦੇ ਹੋਏ ਨੁਕਸਾਨ ਦੀ ਕੁੱਝ ਭਰਪਾਈ ਹੋ ਸਕੇ।

-PTCNews

Related Post