ਸੁਖਬੀਰ ਸਿੰਘ ਬਾਦਲ ਦੀ ਆਪ ਸਰਕਾਰ ਨੂੰ ਚੇਤਾਵਨੀ- ਜੇਕਰ ਮੂੰਗੀ ਦੀ ਸਾਰੀ ਫਸਲ MSP ’ਤੇ ਨਾ ਖਰੀਦੀ 'ਤੇ ਹੋਵੇਗਾ ਵੱਡਾ ਸੰਘਰਸ਼

By  Riya Bawa July 2nd 2022 06:53 PM -- Updated: July 2nd 2022 06:56 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਸੂਬੇ ਦੀਆਂ ਮੰਡੀਆਂ ਵਿਚ ਆ ਰਹੀ ਮੂੰਗੀ ਦੀ ਸਾਰੀ ਫਸਲ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦੇ ਅਤੇ ਜਿਹੜੇ ਕਿਸਾਨਾਂ ਨੇ ਪ੍ਰਾਈਵੇਟ ਵਪਾਰੀਆਂ ਨੂੰ ਜਿਣਸ ਵੇਚ ਕੇ ਘਾਟਾ ਝੱਲਿਆ ਹੈ, ਉਹਨਾਂ ਨੂੰ 10 ਜੁਲਾਈ ਤੱਕ ਮੁਆਵਜ਼ਾ ਦਿੱਤਾ ਜਾਵੇ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਨਾਲ ਕੀਤਾ ਵਾਅਦਾ ਨਿਭਾਉਣ ਅਤੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਏਜੰਸੀਆਂ ਨੂੰ ਸਪਸ਼ਟ ਹਦਾਇਤ ਕੀਤੀ ਜਾਵੇ ਕਿ ਉਹ ਸੂਬੇ ਦੀਆਂ ਮੰਡੀਆਂ ਵਿਚ ਆ ਰਹੀ ਮੂੰਗੀ ਦੀ ਫਸਲ ਐਮ ਐਸ ਪੀ ਅਨੁਸਾਰ ਖਰੀਦਣ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕਿਸਾਨਾਂ ਨੇ ਆਪਣੀ ਜਿਣਸ ਪ੍ਰਾਈਵੇਟ ਵਪਾਰੀਆਂ ਨੁੰ ਘੱਟ ਕੀਮਤ ’ਤੇ ਵੇਚੀ ਹੈ, ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਅਜਿਹਾ ਉਸ ਭਗਵੰਤਰ ਸਕੀਮ ਨਾਲ ਹੀ ਕੀਤਾ ਜਾ ਸਕਦਾ ਹੈ ਜਿਸਨੂੰ ਹਰਿਆਣਾ ਤੇ ਮੱਧ ਪ੍ਰਦੇਸ਼ ਨੇ ਲਾਗੂ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਫਿਰ ਅਕਾਲੀ ਦਲ ਸੂਬੇ ਦੇ ਕਿਸਾਨਾਂ ਵਾਸਤੇ ਨਿਆਂ ਹਾਸਲ ਕਰਨ ਵਾਸਤੇ ਸੰਘਰਸ਼ ਵਿੱਢਣ ਲਈ ਦਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਇਸ ਬਾਬਤ ਫੈਸਲਾ ਲੰਘੇ ਦਿਨ ਹੋਈ ਪਾਰਟੀ ਦੀ ਕੋਰ ਕਮੇਟੀ ਵਿਚ ਲਿਆ ਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਸਾਨਾਂ ਨੂੰ ਪਏ ਵਿੰਤੀ ਘਾਟ ਤੇ ਝੱਲਣੀਆਂ ਪਈਆਂ ਮੁਸੀਬਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਮੂੰਗੀ ਦੀ ਫਸਲ ਕੀਤੇ ਵਾਅਦੇ ਅਨੁਸਾਰ 7275 ਰੁਪਏ ਫੀ ਕੁਇੰਟਲ ਦੀ ਦਰ ’ਤੇ ਖਰੀਦਣ ਦੇ ਵਾਅਦੇ ਤੋਂ ਭੱਜ ਗਏ ਤੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ ਸੂਬੇ ਦੀਆਂ ਮੰਡੀਆਂ ਵਿਚ ਆਈ ਸਾਰੀ ਫਸਲ ਵਿਚੋਂ ਸਿਰਫ 10 ਫੀਸਦੀ ਦੀ ਖਰੀਦ ਕੀਤੀ ਹੈ ਤੇ ਮਾਲਵਾ ਖਿੱਤੇ ਦੀਆਂ ਮੰਗੀਆਂ ਵਿਚ ਆਮਦ ਹਾਲੇ ਜਾਰੀ ਹੈ। ਵੇਰਵੇ ਸਾਂਝੇ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿਚ ਕੁੱਲ 1.35 ਲੱਖ ਕੁਇੰਟਲ ਮੂੰਗੀ ਦੀ ਫਸਲ ਹੁਣ ਤੱਕ ਆ ਚੁੱਕੀ ਹੈ ਜਿਸ ਵਿਚੋਂ ਸਿਰਫ 13800 ਕੁਇੰਟਲ ਦੀ ਸੂਬੇ ਦੀਆਂ ਏਜਸੀਆਂ ਨੇ ਖਰੀਦ ਕੀਤੀ ਹੈ ਤੇ ਬਾਕੀ ਰਹਿੰਦੀ 1.20 ਲੱਖ ਕੁਇੰਟਲ ਦੀ ਫਸਲ ਨੁੰ ਪ੍ਰਾਈਵੇਟ ਵਪਾਰੀਆਂ ਨੇ 5 ਤੋਂ 6 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੀ ਦਰ ’ਤੇ ਖਰੀਦਿਆ ਹੈ ਨਾ ਕਿ 7275 ਰੁਪਏ ਪ੍ਰਤੀ ਕੁਇੰਟਲ ਦੇ ਦਰ ’ਤੇ। ਉਹਨਾਂ ਨੇ ਕਿਹਾ ਕਿ ਇਸ ਕਾਰਨ ਕਿਸਾਨਾਂ ਨੂੰ ਵੱਡਾ ਘਾਟਾ ਪਿਆ ਹੈ ਜਿਹਨਾਂ ਨੇ ਮੁੱਖ ਮੰਤਰੀ ਦੇ ਭਰੋਸੇ ’ਤੇ ਇਸ ਸਾਲ 55000 ਏਕੜ ਵਿਚ ਫਸਲ ਵੱਧ ਬੀਜੀ ਸੀ ਪਰ ਸਰਕਾਰ ਦੀ ਕਾਰਗੁਜ਼ਾਰੀ ਕਾਰਨ ਹੁਣ ਜ਼ਮੀਨ ਹੇਠਲੇ ਪਾਣੀ ਦੇ ਬਚਾਅ ਲਈ ਲਈ ਝੋਨੇ ਦੀਆਂ ਘੱਟ ਪਾਣੀਆਂ ਲੈਣ ਵਾਲੀਆਂ ਫਸਲਾਂ ਬੀਜਣ ਦੀ ਸੂਬੇ ਦੀ ਯੋਜਨਾ ਵੀ ਲੀਹੋਂ ਲੱਥ ਜਾਵੇਗੀ। ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਨੇ ਬਰਗਾੜੀ ਬੇਅਦਬੀ ਮਾਮਲੇ ਦੀ SIT ਦੀ ਅੰਤਿਮ ਜਾਂਚ ਰਿਪੋਰਟ ਸਿੱਖ ਆਗੂਆਂ ਨੂੰ ਸੌਂਪੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਉਹਨਾਂ ਦੱਸਿਆ ਕਿ ਜਗਰਾਓਂ ਮੰਡੀ ਵਿਚ ਕਿਸਾਨਾਂ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਾ ਕਿ ਉਹਨਾਂ ਤੋਂ ਉਹਨਾਂ ਦੀ ਜ਼ਮੀਨ ਦੀਆਂ ਫਰਦਾਂ ਮੰਗੀਆਂ ਜਾ ਰਹੀਆਂ ਹਨ ਤੇ ਆਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਤਿੰਨ ਕਿਸ਼ਤਾਂ ਵਿਚ ਅਦਾਇਗੀ ਹੋਵੇਗੀ ਤੇ ਆਖਰੀ ਕਿਸ਼ਤ ਉਦੋਂ ਮਿਲੇਗੀ ਜਦੋਂ ਖੇਤੀਬਾੜੀ ਵਿਕਾਸ ਅਫਸਰ ਨੇ ਇਹ ਲਿਖਕ ਕੇ ਦਿੱਤਾ ਕਿ ਉਹਨਾਂ ਨੇ ਖੇਤਾਂ ਵਿਚ ਫਸਲ ਦੀ ਬਿਜਾਈ ਲੇਟ ਕੀਤੀ ਸੀ। ਉਹਨਾਂ ਕਿਹਾ ਕਿ ਨਮੀ, ਦਾਣਾ ਬਦਰੰਗ ਹੋਣ ਤੇ ਸਫਾਈ ਸਮੇਤ ਅਨੇਕਾਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ ਹਾਲਾਂਕਿ ਸਰਕਾਰ ਨੇ ਮੰਡੀਆਂ ਵਿਚ ਸਫਾਈ ਦੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਕਾਰਨ ਹਫੜਾ ਦਫੜੀ ਦਾ ਮਾਹੌਲ ਹੈ ਤੇ ਕਿਸਾਨ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਜਗਰਾਓਂ ਮੰਡੀ ਵਿਚ ਹੀ ਆਈ 1 ਲੱਖ ਕੁਇੰਟਲ ਦੀ ਫਸਲ ਵਿਚੋਂ ਸਿਰਫ 2400 ਕੁਇੰਟਲ ਦੀ ਖਰੀਦ ਕੀਤੀ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਇਸ ਤਰੀਕੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਮੁਆਫੀ ਮੰਗਣ ਕਿਉਂਕਿ ਇਸੇ ਤਰੀਕੇ ਕੈਪਅਨ ਟਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਪਰ ਵਾਅਦੇ ਤੋਂ ਭੱਜ ਗਏ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੀ ਇਸੇ ਤਰੀਕੇ ਕਿਸਾਨਾਂ ਨਾਲ ਧੋਖਾ ਕੀਤਾ ਤੇ ਬਹੁ ਕਰੋੜੀ ਇਸ਼ਤਿਹਾਰਾਂ ਨਾਲ ਇਸ ਪਹਿਲਕਦਮੀ ਨੂੰ ਵੇਚਣ ਲਈ ਜੋਰ ਲਾ ਕੇ ਸਸਤੀ ਸ਼ੌਹਰਤ ਹਾਸਲ ਕੀਤੀ ਹੈ। -PTC News

Related Post