ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ

By  Jashan A March 9th 2020 07:45 AM

ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ

ਅੰਤਰਰਾਸ਼ਟਰੀ ਮਹਿਲਾ ਦਿਵਸ ਉੱਤੇ ਮਹਿਲਾ ਅਧਿਆਪਕਾਂ ਖ਼ਿਲਾਫ ਹਿੰਸਾ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਵਿਖੇ ਅਧਿਆਪਕਾਂ ਉੱਤੇ ਬੇਰਹਿਮੀ ਨਾਲ ਕੀਤੇ ਗਏ ਪੁਲਿਸ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਹੈ, ਜਿਸ ਵਿੱਚ ਔਰਤਾਂ ਸਮੇਤ ਦਰਜਨ ਦੇ ਕਰੀਬ ਅਧਿਆਪਕ ਜ਼ਖਮੀ ਹੋ ਗਏ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤੇ ਔਰਤਾਂ ਨਾਲ ਅਜਿਹਾ ਸਲੂਕ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਕਰਮੀਆਂ ਨੇ ਧਰਨੇ ਉੱਤੇ ਬੈਠੀਆਂ ਮਹਿਲਾ ਅਧਿਆਪਕਾਂ ਉੱਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਨੇ ਉਹਨਾਂ ਨਾਲ ਧੱਕਾਮੁੱਕੀ ਕਰਨ ਤੋਂ ਇਲਾਵਾ ਕਈ ਅਧਿਆਪਕਾਂ ਨੂੰ ਵਾਲਾਂ ਤੋਂ ਫੜ ਕੇ ਵੀ ਘਸੀਟਿਆ।

ਹੋਰ ਪੜ੍ਹੋ: ਅਯੋਗਤਾ ਰੋਕੂ ਐਕਟ 'ਚ ਸੋਧ ਕਰਨਾ ਸੱਤ ਸਲਾਹਕਾਰਾਂ ਦੇ ਅਹੁਦੇ ਬਚਾਉਣ 'ਚ ਨਹੀਂ ਕਰੇਗਾ ਮਦਦ : ਸ਼੍ਰੋਮਣੀ ਅਕਾਲੀ ਦਲ

ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਬੇਰੁਜ਼ਗਾਰ ਈਟੀਟੀ-ਟੀਈਟੀ ਅਧਿਆਪਕਾਂ ਦੀਆਂ ਮੰਗਾਂ ਸੁਣਨ ਅਤੇ ਵਾਅਦੇ ਮੁਤਾਬਿਕ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਕਾਂਗਰਸ ਸਰਕਾਰ ਨੇ ਤਾਕਤ ਦੀ ਵਰਤੋਂ ਕਰਕੇ ਉਹਨਾਂ ਦੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕੀਤੀ ਹੈ।

ਸਰਦਾਰ ਬਾਦਲ ਨੇ ਇਸ ਘਟਨਾ ਦੀ ਜਾਂਚ ਕਰਵਾਉਣ ਅਤੇ ਸ਼ਾਂਤਮਈ ਧਰਨਾ ਦੇ ਰਹੀਆਂ ਮਹਿਲਾ ਅਧਿਆਪਕਾਂ ਉੱਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉਹਨਾਂ ਨੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਖ਼ਿਲਾਫ ਢਾਹੇ ਅੱਤਿਆਚਾਰ ਦਾ ਇਨਸਾਫ ਲੈਣ ਲਈ ਉਹਨਾਂ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

-PTC News

Related Post