ਅਕਾਲੀ ਦਲ ਵੱਲੋਂ ਖਹਿਰਾ ਦੀ 1984,ਨਸ਼ਿਆਂ ਅਤੇ ਭ੍ਰਿਸ਼ਟਾਚਾਰ ਉੱਤੇ ਮੌਕਾ ਪ੍ਰਸਤ ਰਾਜਨੀਤੀ ਕਰਨ ਵਾਸਤੇ ਨਿਖੇਧੀ

By  Shanker Badra July 27th 2018 07:45 PM -- Updated: July 27th 2018 07:47 PM

ਅਕਾਲੀ ਦਲ ਵੱਲੋਂ ਖਹਿਰਾ ਦੀ 1984,ਨਸ਼ਿਆਂ ਅਤੇ ਭ੍ਰਿਸ਼ਟਾਚਾਰ ਉੱਤੇ ਮੌਕਾ ਪ੍ਰਸਤ ਰਾਜਨੀਤੀ ਕਰਨ ਵਾਸਤੇ ਨਿਖੇਧੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨਾਰਾਜ਼ ਆਪ ਆਗੂ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਹਟਾਏ ਜਾਣ ਮਗਰੋਂ ਸਿਆਸਤ 'ਚ ਆਪਣੀ ਹੋਂਦ ਬਚਾਈ ਰੱਖਣ ਲਈ 1984, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਉੱਤੇ ਮੌਕਾਪ੍ਰਸਤ ਰਾਜਨੀਤੀ ਕਰਨ ਵਾਸਤੇ ਸਖ਼ਤ ਨਿਖੇਧੀ ਕੀਤੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਭ੍ਰਿਸ਼ਟਾਚਾਰ ਦੀ ਪੈਦਾਇਸ਼ ਵਿਅਕਤੀ,ਜਿਹੜਾ ਰਾਤੋ ਰਾਤ ਅਮੀਰ ਬਣਿਆ ਹੈ,ਆਪਣੀ ਹੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਹੁਣ ਸਿਧਾਂਤਾਂ ਅਤੇ ਭ੍ਰਿਸ਼ਟਾਚਾਰ ਖ਼ਿਲਾਫ ਲੜਾਈ ਦੀ ਗੱਲਾਂ ਕਰ ਰਿਹਾ ਹੈ। ਇਹ ਆਖਦਿਆਂ ਕਿ ਖਹਿਰਾ ਨੇ ਅੱਜ ਆਪਣੀ ਪ੍ਰੈਸ ਕਾਨਫਰੰਸ ਵਿਚ ਲੋਕਾਂ ਨੂੰ ਮੂਰਖ ਬਣਾਉਣ ਲਈ ਨਾਟਕ ਕੀਤਾ ਹੈ।ਗਰੇਵਾਲ ਨੇ ਆਪ ਆਗੂ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਕੀਤੇ ਜਾਣ ਮਗਰੋਂ ਵੀ ਉਹ ਕਾਂਗਰਸ ਪਾਰਟੀ ਵਿਚ ਕਿਉਂ ਟਿਕਿਆ ਰਿਹਾ ਅਤੇ ਸੱਜਣ ਤੇ ਟਾਈਟਲਰ ਵਰਗਿਆਂ ਨਾਲ ਬੈਠ ਕੇ ਸ਼ਰਾਬਾਂ ਅਤੇ ਖਾਣੇ ਛਕਦਾ ਰਿਹਾ? ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਪ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਤੁਸੀ 20 ਸਾਲ ਤੋਂ ਵੱਧ ਸਮੇਂ ਤੀਕ ਗਾਂਧੀ ਪਰਿਵਾਰ ਦੀ ਜੀ ਹਜ਼ੂਰੀ ਅਤੇ ਕਾਂਗਰਸ ਪਾਰਟੀ ਵਿਚ ਸਰਗਰਮੀ ਨਾਲ ਕੰਮ ਕਰਦੇ ਰਹੇ ਸੀ।ਤੁਸੀਂ ਕਦੇ ਵੀ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਜਾਂ 1984 ਦੇ ਕਤਲੇਆਮ ਦੀ ਨਿਖੇਧੀ ਕਿਉਂ ਨਹੀਂ ਕੀਤੀ।ਹੁਣ 'ਰਾਇਸ਼ੁਮਾਰੀ 2020' ਵਰਗੀ ਵੱਖਵਾਦੀ ਮੁਹਿੰਮ, ਜੋ ਪੰਜਾਬ ਨੂੰ ਭਾਰਤ ਨਾਲੋਂ ਵੱਖ ਕਰਨ ਦੀ ਮੰਗ ਕਰਦੀ ਹੈ, ਦਾ ਸਮਰਥਨ ਕਰਦਿਆਂ ਫੜੇ ਜਾਣ ਮਗਰੋਂ ਆਪਣੀਆਂ ਕਰਤੂਤਾਂ ਉੱਤੇ ਮਿੱਟੀ ਪਾਉਣ ਲਈ ਤੁਹਾਨੂੰ 1984 ਦੀ ਯਾਦ ਆ ਗਈ ਹੈ। ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਵੱਧ ਹੈਰਾਨੀਜਨਕ ਗੱਲ ਇਹ ਹੈ ਕਿ ਖਹਿਰਾ ਨੇ ਕੌਮਾਂਤਰੀ ਨਸ਼ਾ ਤਸਕਰੀ ਦੇ ਕੇਸ ਵਿਚ,ਜਿਸ ਵਿਚ ਉਸ ਨੂੰ ਗਿਰੋਹ ਦਾ ਸਰਗਨਾ ਆਖਿਆ ਗਿਆ ਸੀ ਅਤੇ ਇੱਕ ਅਦਾਲਤ ਵੱਲੋਂ ਬਤੌਰ ਦੋਸ਼ੀ ਤਲਬ ਵੀ ਕੀਤਾ ਗਿਆ ਸੀ,ਖੁਦ ਨੂੰ ਕਲੀਨ ਚਿਟ ਦੇਣ ਦੀ ਕੋਸ਼ਿਸ਼ ਕੀਤੀ ਹੈ।ਉਹਨਾਂ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਆਪਣੇ ਵਤੀਰੇ ਬਾਰੇ ਸਪੱਸ਼ਟੀਕਰਨ ਦੇਣ ਅਤੇ ਲੋਕਾਂ ਨੂੰ ਇਹ ਦੱਸਣ ਕਿ ਉਹ ਨਸ਼ਾ ਤਸਕਰਾਂ ਨਾਲ ਕਿਉਂ ਸੰਪਰਕ ਰੱਖਦਾ ਸੀ ਅਤੇ ਇੱਕ ਨਸ਼ਾ ਤਸਕਰੀ ਦੇ ਦੋਸ਼ੀ ਨੂੰ ਢਿੱਲਵਾਂ ਮਾਰਕੀਟ ਕਮੇਟੀ ਦਾ ਚੇਅਰਮੈਨ ਨਾਮਜ਼ਦ ਕਰਕੇ ਉਹਨਾਂ ਦੀ ਸਿਆਸੀ ਪੁਸ਼ਤਪਨਾਹੀ ਕਿਉਂ ਕਰਦਾ ਸੀ,ਦੀ ਥਾਂ ਖਹਿਰਾ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ,ਉਸ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਸੀ।ਅਜਿਹੀ ਕੋਸ਼ਿਸ਼ ਸਰਾਸਰ ਅਦਾਲਤ ਦੀ ਮਾਣਹਾਨੀ ਦੇ ਤੁੱਲ ਹੈ। ਇਹ ਟਿੱਪਣੀ ਕਰਦਿਆਂ ਕਿ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਵਿਚ ਸਿਰਫ ਸੱਤਾ ਦੀ ਭੁੱਖ ਲਈ ਗਿਰਗਿਟ ਵਾਂਗ ਰੰਗ ਬਦਲਣ ਵਾਲੇ ਸੁਭਾਅ ਦਾ ਮੁਜ਼ਾਹਰਾ ਕੀਤਾ ਹੈ, ਸਰਦਾਰ ਗਰੇਵਾਲ ਨੇ ਕਿਹਾ ਕਿ ਖਹਿਰਾ ਜਿਹੜਾ ਹੁਣ ਆਪ ਕਨਵੀਨਰ ਕੇਜਰੀਵਾਲ ਦੇ ਫੈਸਲਿਆਂ ਵਿਰੁੱਧ ਬੋਲ ਰਿਹਾ ਹੈ, ਪਹਿਲਾਂ ਉਸ ਦੇ ਕੰਮ ਕਰਨ ਦੇ ਢੰਗ ਦੀ ਸਿਫਤ ਕਰਦਾ ਹੁੰਦਾ ਸੀ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਖਹਿਰਾ ਖਿਲਾਫ ਫੈਸਲੇ ਲੈਣ ਮਗਰੋਂ ਕੇਜਰੀਵਾਲ ਦਾ ਕੰਮ ਕਰਨ ਦਾ ਢੰਗ ਸ਼ਾਨਦਾਰ ਨਹੀਂ ਰਿਹਾ ਅਤੇ ਉਸ ਨੇ ਆਪ ਦੀ ਨੁਕਤਾਚੀਨੀ ਕਰਨੀ ਸ਼ੁਰੁ ਕਰ ਦਿੱਤੀ ਹੈ। 20 ਸਾਲਾਂ ਤਕ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਮਗਰੋਂ ਖਹਿਰਾ ਨੂੰ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਾ ਢਕਵੰਜ ਕਰਨ ਤੋਂ ਵਰਜਦਿਆਂ ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਦੇ ਪਾਖੰਡ ਦੀ ਪੋਲ ਇੱਥੋਂ ਖੁੱਲਦੀ ਹੈ ਕਿ ਆਪ ਵਿਚ ਹੋਣ ਦੇ ਬਾਵਜੂਦ ਉਸ ਨੇ ਆਪਣੇ ਰਿਸ਼ਤੇਦਾਰ ਜਸਟਿਸ (ਸੇਵਾਮੁਕਤੀ ਰਣਜੀਤ ਸਿੰਘ ਨੂੰ ਬੇਅਦਬੀ ਕੇਸਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦਾ ਚੇਅਰਮੈਨ ਲਗਵਾਉਣ ਵਾਸਤੇ ਕਾਂਗਰਸ ਨਾਲ ਇੱਕ ਗੁਪਤ ਸਮਝੌਤਾ ਕੀਤਾ ਸੀ।ਉਹਨਾਂ ਕਿਹਾ ਕਿ ਖਹਿਰਾ ਦੂਜਿਆਂ ਨੂੰ ਜ਼ਮੀਰ ਦੀ ਆਵਾਜ਼ ਮੁਤਾਬਿਕ ਕੰਮ ਕਰਨ ਵਾਸਤੇ ਆਖਣ ਦਾ ਸ਼ੌਕੀਨ ਹੈ, ਪਰ ਉਸ ਨੇ ਸਿਆਸੀ ਫਾਇਦਿਆਂ ਵਾਸਤੇ ਆਪਣੀ ਜ਼ਮੀਰ ਕਦੋਂ ਦੀ ਮਾਰ ਛੱਡੀ ਹੈ। ਉਹਨਾਂ ਨੇ ਖਹਿਰਾ ਦੀ ਜ਼ਮੀਰ ਨੂੰ ਉਸ ਸਮੇ ਕੋਈ ਸੱਟ ਨਹੀਂ ਸੀ ਵੱਜੀ, ਜਦੋਂ ਅਰਵਿੰਦ ਕੇਜਰੀਵਾਲ ਨੇ ਅਜਨਾਲਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਐਸਵਾਈਐਲ ਦੇ ਮੁੱਦੇ ਉੱਤੇ ਬੋਲਦਿਆਂ ਐਲਾਨ ਕੀਤਾ ਸੀ ਕਿ ਦਿੱਲੀ ਅਤੇ ਹਰਿਆਣਾ ਸਮੇਤ ਸਾਰਿਆਂ ਦਾ ਪੰਜਾਬ ਦੇ ਪਾਣੀਆਂ ਉੱਤੇ ਬਰਾਬਰ ਦਾ ਹੱਕ ਹੈ।ਹੁਣ ਪੰਜਾਬੀ ਅਜਿਹੇ ਵਿਅਕਤੀ ਉੱਤੇ ਕਿਵੇਂ ਭਰੋਸਾ ਕਰ ਸਕਦੇ ਹਨ, ਜਿਹੜੇ ਕਿਸੇ ਵੀ ਵੱਧ ਬੋਲੀ ਦੇਣ ਵਾਲੇ ਨੂੰ ਆਪਣੀ ਜ਼ਮੀਰ ਵੇਚਣ ਲਈ ਤਿਆਰ ਰਹਿੰਦਾ ਹੈ। -PTCNews

Related Post