ਅਧਿਆਪਕਾਂ ਵੱਲੋਂ ਅੱਜ ਪੰਜਾਬ ਭਰ 'ਚ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਵਿਰੁੱਧ ਕੀਤੇ ਜਾਣਗੇ ਅਰਥੀ ਫੂਕ ਮੁਜ਼ਾਹਰੇ

By  Shanker Badra November 24th 2018 11:04 AM -- Updated: November 24th 2018 11:05 AM

ਅਧਿਆਪਕਾਂ ਵੱਲੋਂ ਅੱਜ ਪੰਜਾਬ ਭਰ 'ਚ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਵਿਰੁੱਧ ਕੀਤੇ ਜਾਣਗੇ ਅਰਥੀ ਫੂਕ ਮੁਜ਼ਾਹਰੇ:ਪੰਜਾਬ ਕੈਬਨਿਟ ਵੱਲੋਂ ਪਿਛਲੇ 10 ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ 8886 ਐੱਸ. ਐੱਸ. ਏ/ਰਮਸਾ, ਅਾਦਰਸ਼ ਤੇ ਮਾਡਲ ਸਕੂਲਾਂ ’ਚ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਦੀ ਆੜ ’ਚ ਮੌਜੂਦਾ ਮਿਲ ਰਹੀਆਂ ਤਨਖਾਹਾਂ ’ਤੇ 65 ਤੋਂ 75 ਫੀਸਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।ਜਿਸ ਤੋਂ ਭੜਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ,ਰੈਗੂਲਰ ਕਰਨ ਦੇ ਨਾਂਅ 'ਤੇ ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕੀਤੀ ਕਟੌਤੀ ਖਿਲਾਫ ਪਿਛਲੇ 7 ਹਫ਼ਤਿਆਂ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ।ਜਾਣਕਾਰੀ ਅਨੁਸਾਰ ਅੱਜ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਵਿਰੁੱਧ ਪੂਰੇ ਪੰਜਾਬ 'ਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।

ਇਸ ਮੌਕੇ ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਅਤੇ ਅਮਨ ਸ਼ਰਮਾ ਨੇ ਕਿਹਾ ਕਿ ਐੱਸ.ਐੱਸ.ਏ., ਰਮਸਾ, ਮਾਡਲ ਤੇ ਆਦਰਸ਼ ਸੋਸਾਇਟੀਆਂ ਅਧੀਨ 8886 ਅਧਿਆਪਕ ਲਗਭਗ 10 ਸਾਲਾਂ ਤੋਂ ਸੂਬੇ ਦੇ ਵੱਖ-ਵੱਖ ਸਕੂਲਾਂ ’ਚ ਸੇਵਾਵਾਂ ਨਿਭਾਅ ਰਹੇ ਹਨ।ਉਨ੍ਹਾਂ 10 ਸਾਲ ਨਿਭਾਈਆਂ ਸੇਵਾਵਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਦਾ ਸੁਨਹਿਰੀ ਸਮਾਂ ਇਸ ਵਿਭਾਗ ਨੂੰ ਦਿੱਤਾ ਹੈ।ਅੱਜ ਜਦੋਂ ਉਹ ਬਾਲ ਬੱਚਿਆਂ ਵਾਲੇ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਮਾਪੇ ਬਿਰਧ ਅਵਸਥਾ ਵਿਚ ਹਨ ਤਾਂ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਦਾ ਗਲ ਘੁੱਟਣ ਲਈ ਲੋਕ ਵਿਰੋਧੀ ਨੀਤੀ ਲਿਆ ਰਹੀ ਹੈ।ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

-PTCNews

Related Post