ਇਸ ਸੂਬੇ 'ਚ ਸ਼ਿਵ ਮੰਦਰ ਦੀ ਹੋਈ ਭੰਨਤੋੜ, ਹਮਲਾਵਰਾਂ ਵੱਲੋਂ ਗਹਿਣੇ ਤੇ ਕੀਮਤੀ ਸਾਮਾਨ ਚੋਰੀ

By  Riya Bawa October 30th 2021 10:18 AM

Temple Vandalized In Pakistan: ਹਿੰਦੂ ਮੰਦਰਾਂ ਨੂੰ ਤੋੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਮਾਮਲਾ ਪਾਕਿਸਤਾਨ ਤੋਂ ਆਇਆ ਹੈ ਜਿਥੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਕੋਟਰੀ 'ਚ ਇੱਕ ਹਿੰਦੂ ਮੰਦਰ 'ਚ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸ਼ਿਵ ਮੰਦਰ ਵਿੱਚ ਅਣਪਛਾਤੇ ਵਿਅਕਤੀਆਂ ਨੇ ਭੰਨਤੋੜ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਮੰਦਰ 'ਚ ਸ਼ਿਵ ਦੀ ਮੂਰਤੀ ਤੋੜੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਸਥਾਨਕ ਹਿੰਦੂਆਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ।

ਪਾਕਿਸਤਾਨ ਦੇ ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਮੂਰਤੀ ਤੋੜਨ ਤੋਂ ਬਾਅਦ ਲੋਕ ਲੱਖਾਂ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਕੋਟੜੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਘਟਨਾ ਵੀਰਵਾਰ ਰਾਤ ਹੈਦਰਾਬਾਦ ਦੇ ਜਮਸ਼ੋਰੋ ਦੇ ਕੋਟਰੀ ਦੇ ਦਰਿਆ ਬੰਦ ਇਲਾਕੇ 'ਚ ਵਾਪਰੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਇਲਾਕੇ ਦੇ ਪ੍ਰਾਚੀਨ ਸ਼ਿਵ ਮੰਦਰ ਚੋਂ ਗਹਿਣੇ, ਸੋਨੇ ਦੀਆਂ ਮੂਰਤੀਆਂ, ਪ੍ਰਸਾਦ, ਯੂਪੀਐਸ ਬੈਟਰੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਦੇਵੀ ਦੀ ਮੂਰਤੀ ਦੀ ਭੰਨਤੋੜ ਕੀਤੀ। ਇਸ ਦੇ ਨਾਲ ਹੀ ਚੋਰੀ ਹੋਏ ਗਹਿਣਿਆਂ ਅਤੇ ਹੋਰ ਸਮਾਨ ਦੀ ਕੀਮਤ 20 ਤੋਂ 25 ਲੱਖ ਰੁਪਏ ਦੱਸੀ ਜਾ ਰਹੀ ਹੈ।

-PTC News

Related Post